- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਅਤੇ ਪੰਜਾਬ ਦੇ ਮੁੱਦਿਆਂ ਸਬੰਧੀ ਰਾਜਪਾਲ ਨੂੰ ਸੌਂਪਿਆ ਮੈਮੋਰੰਡਮ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਆਪਣੇ ਸਾਥੀਆਂ ਸਮੇਤ ਪੰਜਾਬ ਦੇ ਰਾਜਪਾਲ ਨੂੰ ਸੂਬੇ ਦੇ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਕਈ ਮੈਮੋਰੰਡਮ ਸੌਂਪੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਿੱਖ ਕੌਮ ਦੇ 10 ਗੁਰੂ ਸਾਹਿਬਾਨ ਦੀ ਜੋ ਬੇਅਦਬੀ ਕੀਤੀ ਹੈ, ਉਹ ਦੇਸ਼-ਦੁਨੀਆਂ ਦੇ ਸਿੱਖਾਂ ਦੀ ਬਰਦਾਸ਼ਤ ਤੋਂ ਬਾਹਰ ਹੈ। ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਆਮ ਲੋਕਾਂ ਅੰਦਰ ਵੀ ਮੁੱਖ ਮੰਤਰੀ ਪ੍ਰਤੀ ਭਾਰੀ ਨਫ਼ਰਤ ਭਰ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਬੇਅਦਬੀ ਕਾਨੂੰਨ ਤਹਿਤ ਭਗਵੰਤ ਮਾਨ ਖ਼ਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਨਾਲ ਮੱਥਾ ਲਾਇਆ ਹੈ ਅਤੇ ਜਿਸ ਨੇ ਵੀ ਅਕਾਲ ਤਖ਼ਤ ਦਾ ਨਿਰਾਦਰ ਕੀਤਾ ਹੈ, ਉਸ ਦਾ ਵਜੂਦ ਹਮੇਸ਼ਾ ਲਈ ਖ਼ਤਮ ਹੋ ਗਿਆ ਹੈ। ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਰਾਜਪਾਲ ਨੂੰ ਕਿਹਾ ਕਿ ਸਰਕਾਰ ਨੇ ਚੋਣਾਂ ਵੇਲੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਹੁਣ ਸਾਢੇ 3 ਸਾਲ ਬੀਤ ਜਾਣ ਮਗਰੋਂ ਸਰਕਾਰ ਇਸ ਨੂੰ ਪਹਿਲੀ ਤਾਰੀਖ਼ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਰਕਾਰ ਔਰਤਾਂ ਦਾ ਪਿਛਲਾ ਬਕਾਇਆ ਬਣਦਾ 51000 ਰੁਪਏ ਵੀ ਵਿਆਜ ਸਮੇਤ ਅਦਾ ਕਰੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਹਰ ਛੋਟੇ-ਵੱਡੇ ਸ਼ਹਿਰ ਅੰਦਰ ਮਜ਼ਦੂਰਾਂ ਦੇ ਬੈਠਣ ਲਈ ਹਵਾਦਾਰ, ਛਾਂਦਾਰ ਤੇ ਬਿਜਲੀ-ਪਾਣੀ ਦੀਆਂ ਸਹੂਲਤਾਂ ਵਾਲੇ ਵੱਡੇ ਸ਼ੈੱਡ ਬਣਾਉਣ ਲਈ ਸੂਬਾ ਪੱਧਰੀ ਵਿਸ਼ੇਸ਼ ਪਾਲਿਸੀ ਤਿਆਰ ਕੀਤੀ ਜਾਵੇ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਦੇ ਨੌਗਾਵਾਂ ਤੋਂ ਚੁੰਨੀ ਕਲਾਂ ਤੱਕ ਐਸਵਾਈਐਲ ਨਹਿਰ ਦੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਡਰੇਨ ਬਣਾਉਣ ਦੀ ਮੰਗ ਕੀਤੀ ਗਈ ਤਾਂ ਜੋ ਬਸੀ ਪਠਾਣਾਂ ਹਲਕੇ ਦੇ ਕਰੀਬ 100 ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਘਰ ਬਰਬਾਦ ਹੋਣ ਤੋਂ ਬਚ ਸਕਣ। ਸੂਬੇ ’ਚ ਬੇਰੁਜ਼ਗਾਰੀ ਖ਼ਤਮ ਕਰਨ ਲਈ ਸਰਕਾਰੀ ਦਫ਼ਤਰਾਂ ਵਿਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਖ਼ਾਲੀ ਅਸਾਮੀਆਂ ਭਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਦੀਵਾਨ ਟੋਡਰ ਮੱਲ ਦੇ ਨਾਂਅ ’ਤੇ ਫਤਹਿਗੜ੍ਹ ਸਾਹਿਬ ਵਿਖੇ ਪੀਜੀਆਈ ਪੱਧਰ ਦਾ ਵੱਡਾ ਹਸਪਤਾਲ ਅਤੇ ਦੇਸ਼ ਦੀ ਵੱਡੀ ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ ਗਈ। ਡਾ. ਹਰਬੰਸ ਲਾਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਅੰਦਰ ਗੈਂਗਸਟਰਵਾਦ, ਫ਼ਿਰੌਤੀਆਂ, ਲੁੱਟਾਂ-ਖੋਹਾਂ ਅਤੇ ਦਿਨ-ਦਿਹਾੜੇ ਕਤਲੋਗਾਰਤ ਆਮ ਗੱਲ ਬਣ ਗਈ ਹੈ। ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੁੱਦਿਆਂ ’ਤੇ ਗੌਰ ਕਰਦਿਆਂ ਕੇਂਦਰ ਸਰਕਾਰ ਨਾਲ ਸਬੰਧਿਤ ਵਿਸ਼ਿਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਜਾਵੇ। ਇਸ ਮੌਕੇ ਭਾਜਪਾ ਆਗੂ ਬਲਵਿੰਦਰ ਗੋਗੀ, ਪੰਜਾਬ ਪੱਛੜੀਆਂ ਸ਼੍ਰੇਣੀਆਂ ਮੋਰਚਾ ਦੇ ਉਪ ਪ੍ਰਧਾਨ ਸੰਦੀਪ ਸਿੰਘ ਲਵਲੀ, ਜਗਵੀਰ ਸਿੰਘ ਤਰਖੇੜੀ, ਗੁਰਿੰਦਰ ਸਿੰਘ ਫਤਹਿਗੜ੍ਹ ਸਾਹਿਬ, ਨਵਦੀਪ ਸਿੰਘ ਚੁੰਨੀ ਖੁਰਦ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਅਤੇ ਸੁਖਵੀਰ ਸਿੰਘ ਚੌਰਵਾਲਾ ਵੀ ਮੌਜੂਦ ਸਨ।