ਬੱਚਿਆਂ ਤੇ ਪਰਿਵਾਰ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਡਾ. ਜਸਵੰਤ
ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ
Publish Date: Sun, 14 Jun 2026 06:26 PM (IST)
Updated Date: Sun, 14 Jun 2026 06:27 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਵੱਲੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਸੀ, ਜਿਸ ਦੌਰਾਨ ਕਵੀ ਦਰਬਾਰ, ਭਾਸ਼ਣ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਨਾਲ ਸਰਪ੍ਰਸਤ ਲਾਲ ਮਿਸਤਰੀ, ਰੰਗਕਰਮੀ ਸੰਜੀਵਨ ਸਿੰਘ ਅਤੇ ਡਾ. ਜਸਵੰਤ ਸਿੰਘ ਸ਼ਾਮਲ ਹੋਏ। ਜ਼ਿਲ੍ਹਾ ਲਿਖਾਰੀ ਸਭਾ ਖੰਨਾ ਦੇ ਕੋਆਰਡੀਨੇਟਰ ਸਨੇਹਇੰਦਰ ਮੀਲੂ ਨੇ ਵੀ ਵਿਸ਼ੇਸ਼ ਤੌਰ ’ਚ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਨੇ ਸ਼ਹੀਦਾਂ ਨੂੰ ਸਮਰਪਿਤ ਸ਼ੇਅਰ ਪੜ੍ਹੇ। ਇਸ ਕਵੀ ਦਰਬਾਰ ’ਚ ਅਮਰਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ, ਅਜਮੇਰ ਸਿੰਘ ਮਾਨ, ਅਵਤਾਰ ਸਿੰਘ ਪੁਆਰ, ਬਚਨ ਸਿੰਘ ਗੁਰਮ, ਸੁਖਵੰਤ ਸਿੰਘ ਭੱਟੀ, ਲਾਲ ਮਿਸਤਰੀ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਪ੍ਰੇਮ ਲਤਾ, ਮੇਜਰ ਸਿੰਘ, ਤਵਿੰਦਰ ਸਿੰਘ ਚੱਢਾ ਅਤੇ ਸਾਧੂ ਸਿੰਘ ਪਨਾਗ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਕਮਲਜੀਤ ਸਿੰਘ ਡਡਹੇੜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਪਰਮਜੀਤ ਕੌਰ ਸਰਹਿੰਦ ਅਤੇ ਸਨੇਹਇੰਦਰ ਮੀਲੂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਜੂਨ 1984 ਦੇ ਪ੍ਰਸੰਗ ਬਾਰੇ ਭਾਸ਼ਣ ਦਿੱਤੇ। ਉੱਘੇ ਲੇਖਕ ਸੰਤੋਖ ਸਿੰਘ ਧੀਰ ਦੇ ਭਤੀਜੇ ਤੇ ਰਿਪੁਦਮਨ ਸਿੰਘ ਰੂਪ ਦੇ ਸਪੁੱਤਰ ਰੰਗਕਰਮੀ ਤੇ ਲੇਖਕ ਸੰਜੀਵਨ ਸਿੰਘ ਨੇ ਆਪਣੇ ਪਿਤਾ ਦੇ ਸਦੀਵੀ ਵਿਛੋੜੇ ਸਮੇਂ ਸਭਾ ਵੱਲੋਂ ਪ੍ਰਗਟਾਈ ਹਮਦਰਦੀ ਲਈ ਧੰਨਵਾਦ ਕੀਤਾ। ਉਨ੍ਹਾਂ ਆਪਣੇ ਸਾਹਿਤਕ ਪਰਿਵਾਰ ਬਾਰੇ ਚਰਚਾ ਕਰਦਿਆਂ ਸਭਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦੇ ਪ੍ਰਧਾਨ ਸੰਜੀਵਨ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਈਸੀ ਨੰਦਾ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਮਾਗਮ ਦੌਰਾਨ ਡਾ. ਜਸਵੰਤ ਸਿੰਘ ਮੈਡੀਕਲ ਅਫ਼ਸਰ ਨੇ ਕਿਹਾ ਕਿ ਬੱਚਿਆਂ ਤੇ ਪਰਿਵਾਰ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਨਸ਼ਿਆਂ ਵਿਰੁੱਧ ਤੇ ਐਂਟੀ ਕਰੱਪਸ਼ਨ ਸੰਸਥਾਵਾਂ ਦੇ ਮੋਢੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਡਾ. ਜਸਵੰਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਾਹਿਤ ਪ੍ਰੇਮੀ ਹਰਪ੍ਰੀਤ ਸਿੰਘ ਸਮਰਾਲਾ, ਲਖਵੀਰ ਸਿੰਘ ਖਾਲਸਪੁਰ, ਰੰਗਕਰਮੀ ਗੁਰਪ੍ਰੀਤ ਸਿੰਘ ਬਰਗਾੜੀ, ਕਮਲਜੋਤ ਸਿੰਘ ਮੱਟੂ ਅਤੇ ਜਸ਼ਨ ਮੱਟੂ ਵੀ ਹਾਜ਼ਰ ਸਨ। ਸਭਾ ਵੱਲੋਂ ਰੰਗਕਰਮੀ ਸੰਜੀਵਨ ਸਿੰਘ, ਡਾ. ਜਸਵੰਤ ਸਿੰਘ ਅਤੇ ਸਨੇਹਇੰਦਰ ਮੀਲੂ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਅਖ਼ੀਰ ’ਚ ਪਰਮਜੀਤ ਕੌਰ ਸਰਹਿੰਦ ਨੇ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਲਿਬੜਾ, ਪ੍ਰਿੰਸੀਪਲ ਅਰਸ਼ਦੀਪ ਕੌਰ ਅਤੇ ਸਮੂਹ ਮੈਂਬਰਾਂ ਦਾ ਸਥਾਨ ਮੁਹੱਈਆ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਫ਼ੋਟੋ ਕੈਪਸ਼ਨ : ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਕਵੀ ਦਰਬਾਰ ਉਪਰੰਤ ਸਾਹਿਤਕਾਰ।