ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਭੁੱਟਾ
ਨੌਜਵਾਨ ਵਰਗ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਭੁੱਟਾ
Publish Date: Thu, 25 Jun 2026 05:57 PM (IST)
Updated Date: Fri, 26 Jun 2026 04:07 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਪੰਡਰਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਅਵਤਾਰ ਸਿੰਘ ਹੱਲੋਤਾਲੀ ਦੀ ਦੇਖ-ਰੇਖ ਹੇਠ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜ਼ੋਨ ਫਤਹਿਗੜ੍ਹ ਸਾਹਿਬ ਦੇ ਜ਼ੋਨਲ ਆਰਗੇਨਾਈਜ਼ਰ ਇੰਦਰਜੀਤ ਸਿੰਘ ਤੇ ਡਿਪਟੀ ਜ਼ੋਨਲ ਆਰਗੇਨਾਈਜ਼ਰ ਅਮਰੀਕ ਸਿੰਘ ਖੋਜੇਮਾਜਰਾ ਦੇ ਸਹਿਯੋਗ ਨਾਲ ਅੱਠ ਰੋਜ਼ਾ ਗੁਰਮਤਿ ਤੇ ਨੈਤਿਕ ਸਿੱਖਿਆ ਕੈਂਪ ਲਾਇਆ ਗਿਆ। ਇਸ ਕੈਂਪ ’ਚ ਬੱਚਿਆਂ ਨੂੰ ਜਪੁਜੀ ਸਾਹਿਬ ਦੀ ਸੰਥਿਆ, ਦਸ ਗੁਰੂ ਸਾਹਿਬਾਨ ਦਾ ਜੀਵਨ ਇਤਿਹਾਸ, ਰਹਿਤ ਮਰਿਆਦਾ ਅਤੇ ਨੈਤਿਕ ਸਿੱਖਿਆ, ਅਧਿਆਪਕਾਂ ਤੇ ਵੱਡਿਆਂ ਦਾ ਸਤਿਕਾਰ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ। ਬੱਚਿਆਂ ਵੱਲੋਂ ਇਸ ਕੈਂਪ ’ਚ ਭਾਰੀ ਉਤਸ਼ਾਹ ਦਿਖਾਇਆ ਗਿਆ। ਕੈਂਪ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਜ਼ੁਲਮ ਖ਼ਿਲਾਫ਼ ਆਵਾਜ਼ ਚੁੱਕਣ ਤੇ ਇਨਸਾਨੀਅਤ ਦੀ ਰਾਖੀ ਲਈ ਕੁਰਬਾਨੀਆਂ ਦੇਣ ਦੀ ਸਿੱਖਿਆ ਦਿੰਦਾ ਹੈ ਅਤੇ ਸਮਾਜ ’ਚੋਂ ਬੁਰਾਈਆਂ ਦੇ ਖ਼ਾਤਮੇ ਲਈ ਪ੍ਰੇਰਿਤ ਕਰਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰਬਾਣੀ ਅਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪਿੰਡ ਪੰਡਰਾਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ ਕਿ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਿੱਖਿਆ ਦੇ ਕੇ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ। ਅਜਿਹੇ ਉਪਰਾਲੇ ਹਰ ਗੁਰਦੁਆਰਾ ਕਮੇਟੀ ਨੂੰ ਕਰਨੇ ਚਾਹੀਦੇ ਹਨ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹਰ ਇਨਸਾਨ ਤੱਕ ਪਹੁੰਚ ਸਕੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਘਵੀਰ ਸਿੰਘ, ਗ੍ਰੰਥੀ ਸਿੰਘ ਗਿਆਨੀ ਦਲਜੀਤ ਸਿੰਘ, ਕਮੇਟੀ ਮੈਂਬਰ ਜਗਜੀਤ ਸਿੰਘ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਬਾਬਾ ਅਵਤਾਰ ਸਿੰਘ ਪੰਡਰਾਲੀ, ਜਗਦੀਪ ਸਿੰਘ ਹੁਸੈਨਪੁਰ, ਸਰਕਲ ਪ੍ਰਧਾਨ ਬਦੋਛੀ ਜਸਵੀਰ ਸਿੰਘ ਸੋਢੀ ਸਰਹਿੰਦ, ਸੋਨੀਆ ਕੌਰ, ਰਜਨੀ ਕੌਰ, ਸੰਦੀਪ ਕੌਰ, ਜਗਦੀਪ ਕੌਰ ਅਤੇ ਕੁਲਦੀਪ ਕੌਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੀ ਸਮਾਪਤੀ ਮੌਕੇ ਬਲਜੀਤ ਸਿੰਘ ਭੁੱਟਾ ਨੇ ਆਪਣੇ ਸਾਥੀਆਂ ਸਮੇਤ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ।