- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਖਾ ਗੁਪਤਾ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਧਰਤੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਗਵਾਹ ਹੈ, ਜਿਨ੍ਹਾਂ ਨੇ ਜ਼ੁਲਮ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਪੰਜਾਬ ਦੇ ਲੋਕਾਂ ਨੂੰ ਵੀ ਨਸ਼ਾ ਮਾਫ਼ੀਆ ਅਤੇ ਇਸ ਜ਼ਾਲਮ ਸਰਕਾਰ ਅੱਗੇ ਝੁਕਣ ਦੀ ਲੋੜ ਨਹੀਂ ਹੈ।

ਗੁਰਪ੍ਰੀਤ ਮਹਿਕ,ਪੰਜਾਬੀ ਜਾਗਰਣ , ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਦਿਨ ਸਰਹਿੰਦ ਵਿਖੇ ਕਰਵਾਈ ਵਿਸ਼ਾਲ ਰੈਲੀ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਾ ਘਰ-ਘਰ ਤੱਕ ਪਹੁੰਚ ਚੁੱਕਾ ਹੈ ਅਤੇ ਬਿਨਾਂ ਸਿਆਸੀ ਸਰਪ੍ਰਸਤੀ ਤੇ ਪ੍ਰਸ਼ਾਸਨਿਕ ਮਿਲੀਭੁਗਤ ਦੇ ਇਹ ਸੰਭਵ ਨਹੀਂ ਹੋ ਸਕਦਾ। ਪੰਜਾਬ ਦੀਆਂ ਮਾਵਾਂ ਦੇ ਪੁੱਤ ਨਸ਼ਿਆਂ ਕਾਰਨ ਖ਼ਤਮ ਹੋ ਰਹੇ ਹਨ ਅਤੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਸਭ ਦੀ ਇਸ ਗੋਰਖਧੰਦੇ ’ਚ ਹਿੱਸੇਦਾਰੀ ਹੈ।
ਰੇਖਾ ਗੁਪਤਾ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਧਰਤੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਗਵਾਹ ਹੈ, ਜਿਨ੍ਹਾਂ ਨੇ ਜ਼ੁਲਮ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਪੰਜਾਬ ਦੇ ਲੋਕਾਂ ਨੂੰ ਵੀ ਨਸ਼ਾ ਮਾਫ਼ੀਆ ਅਤੇ ਇਸ ਜ਼ਾਲਮ ਸਰਕਾਰ ਅੱਗੇ ਝੁਕਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ ’ਚ ਆਉਣ ਵੇਲੇ ਤਿੰਨ-ਚਾਰ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਸਨ, ਪਰ ਅੱਜ ਹਾਲਾਤ ਇਹ ਹਨ ਕਿ ਸੂਬੇ ਦੇ ਪੁਨਰਵਾਸ ਕੇਂਦਰ ਖ਼ੁਦ ਨਸ਼ੇ ਦੇ ਅੱਡੇ ਬਣ ਚੁੱਕੇ ਹਨ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਨੂੰ ਲੁੱਟਣ ਅਤੇ ਸ਼ਰਾਬ ਦਾ ਅੱਡਾ ਬਣਾਉਣ ਤੋਂ ਬਾਅਦ ਹੁਣ ‘ਆਪ’ ਆਗੂ ਪੰਜਾਬ ਦੇ ਸਾਧਨਾਂ ਦੀ ਦੁਰਵਰਤੋਂ ਕਰ ਰਹੇ ਹਨ। ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਸ਼ਾਹੀ ਠਾਠ-ਬਾਠ ਅਤੇ ਨਿੱਜੀ ਹਵਾਈ ਜਹਾਜ਼ਾਂ ’ਤੇ ਉਡਾਇਆ ਜਾ ਰਿਹਾ ਹੈ, ਜਦਕਿ ਸੂਬੇ ਸਿਰ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਪੰਜਾਬ ’ਚ ਹੜ੍ਹ ਆਉਂਦੇ ਹਨ ਤਾਂ ਸਰਕਾਰ ਦੇ ਆਗੂ ਭੱਜ ਜਾਂਦੇ ਹਨ ਅਤੇ ਲੋਕਾਂ ਨੂੰ ਮੁਸ਼ਕਲਾਂ ਵੇਲੇ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ। ਸੰਗਰੂਰ ਦੇ ਗੁਲਜ਼ਾਰ ਸਿੰਘ ਦੀ ਮੌਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਪਿਤਾ ਨੇ ਆਪਣੇ ਪੁੱਤ ਨੂੰ ਬਚਾਉਣ ਲਈ ਨਸ਼ਾ ਵਿਕਣ ਦੀ ਆਵਾਜ਼ ਚੁੱਕੀ, ਸਰਕਾਰ ਦੇ ਵਿੱਤ ਮੰਤਰੀ ਚੀਮਾ ਨੇ ਉਸ ਦੀ ਆਵਾਜ਼ ਸੁਣਨ ਦੀ ਥਾਂ ਉਸ ਨੂੰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ।
ਰੇਖਾ ਗੁਪਤਾ ਨੇ ਕਿਹਾ ਕਿ ਜਿਵੇਂ ਦੇਸ਼ ਵਿੱਚੋਂ ਧਾਰਾ 370 ਅਤੇ ਨਕਸਲਵਾਦ ਦਾ ਖ਼ਾਤਮਾ ਕੀਤਾ ਗਿਆ ਹੈ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਨਸ਼ਾ ਮਾਫ਼ੀਆ ਅਤੇ ਗੈਂਗਸਟਰ ਕਲਚਰ ਨੂੰ ਜੜ੍ਹੋਂ ਪੁੱਟਿਆ ਜਾਵੇਗਾ। ਇਹ 12 ਦਿਨਾਂ ਦੀ ਯਾਤਰਾ ਸਿਰਫ਼ ਇੱਕ ਸ਼ੁਰੂਆਤ ਹੈ ਅਤੇ 13ਵੇਂ ਦਿਨ ਤੋਂ ਇਸ ਭ੍ਰਿਸ਼ਟ ਸਰਕਾਰ ਦਾ ਅੰਤ ਸ਼ੁਰੂ ਹੋ ਜਾਵੇਗਾ। ਇਸ ਮੌਕੇ ਭਾਜਪਾ ਦੇ ਸੂਬਾ ਇੰਚਾਰਜ ਸਤੀਸ਼ ਪੂਨੀਆ, ਮਨਪ੍ਰੀਤ ਸਿੰਘ ਬਾਦਲ, ਅਵਿਨਾਸ਼ ਰਾਏ ਖੰਨਾ, ਅਵਿਨਾਸ਼ ਸ਼ਰਮਾ, ਐਚਐਸ ਫੂਲਕਾ, ਪਰਮਿੰਦਰ ਬਰਾੜ, ਰਾਜੇਸ਼ ਬੱਗ, ਜ਼ਿਲ੍ਹਾ ਪ੍ਰਧਾਨ ਦੀਦਾਰ ਭੱਟੀ, ਕੰਵਰਬੀਰ ਸਿੰਘ ਟੌਹੜਾ,ਜਗਦੀਪ ਚੀਮਾ ਸਮੇਤ ਵੱਡੀ ਗਿਣਤੀ ’ਚ ਆਗੂ ਅਤੇ ਵਰਕਰ ਹਾਜ਼ਰ ਸਨ।