- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਤਹਿਗੜ੍ਹ ਸਾਹਿਬ ਦੇ ਰੇਲਵੇ ਫਾਟਕ ’ਤੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਭਾਜਪਾ ਵਫ਼ਦ ਕੇਂਦਰੀ ਰੇਲ ਮੰਤਰੀ ਨੂੰ ਮਿਲਿਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਹਿੰਦ ਫਤਹਿਗੜ੍ਹ ਸਾਹਿਬ ਤੋਂ ਇਕ ਵਫ਼ਦ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ। ਵਫ਼ਦ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਯਾਦਗਾਰੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਨਜ਼ਦੀਕ ਰੇਲਵੇ ਫਾਟਕ ’ਤੇ ਹਮੇਸ਼ਾ ਭਾਰੀ ਟਰੈਫ਼ਿਕ ਰਹਿੰਦਾ ਹੈ। ਫਾਟਕ ਘੰਟਾ-ਘੰਟਾ ਬੰਦ ਰਹਿਣ ਕਾਰਨ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਵਿੱਚ ਵੱਡੀ ਮੁਸ਼ਕਲ ਹੁੰਦੀ ਹੈ ਅਤੇ ਫਾਟਕ ਖੁੱਲ੍ਹਣ ਵੇਲੇ ਲੰਬੀਆਂ ਲਾਈਨਾਂ ਲੱਗਣ ਕਾਰਨ ਆਮ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ। ਵਫ਼ਦ ਨੇ ਮੰਗ ਕੀਤੀ ਕਿ ਇਸ ਰੇਲਵੇ ਫਾਟਕ ’ਤੇ ਅੰਡਰਗਰਾਊਂਡ ਪੁਲ ਬਣਾਉਣ ਜਾਂ ਸਰਵੇ ਕਰਕੇ ਕੋਈ ਹੋਰ ਪ੍ਰਬੰਧ ਕਰਨ ਲਈ ਰੇਲਵੇ ਵਿਭਾਗ ਫ਼ੌਰੀ ਠੋਸ ਕਦਮ ਚੁੱਕੇ ਤਾਂ ਜੋ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਵਿਚ ਕੋਈ ਦਿੱਕਤ ਨਾ ਆਵੇ। ਇਸ ਦੌਰਾਨ ਸਰਹਿੰਦ ਰੇਲਵੇ ਸਟੇਸ਼ਨ ਨੂੰ ‘ਏ’ ਕੈਟਾਗਰੀ ਵਿਚ ਸ਼ਾਮਲ ਕਰਕੇ ਕਾਇਆ-ਕਲਪ ਕਰਨ ਅਤੇ ਹਮਾਯੂੰਪੁਰ, ਸਰਹਿੰਦ ਮਦਰਾਸੀ ਕਾਲੋਨੀ, ਸਾਧੂਗੜ੍ਹ ਖੇੜਾ ਹੰਸਾਲੀ ਸਾਹਿਬ, ਖਾਨਪੁਰ ਜੀਟੀ ਰੋਡ, ਰਜਿੰਦਰਗੜ੍ਹ ਚੁੰਨੀ ਮਾਜਰਾ ਅਤੇ ਭਗੜਾਣਾ ਸਰਾਏ ਬੰਜਾਰਾ ਵਿਖੇ ਅੰਡਰਗਰਾਊਂਡ ਪੁਲ ਬਣਾਉਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਵੀ ਕੀਤਾ ਗਿਆ।