- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਤਹਿਗੜ੍ਹ ਸਾਹਿਬ ਦੇ ਪਿੰਡ ਲੁਹਾਰੀ ਕਲਾਂ ਦਾ ਨੌਜਵਾਨ ਇਟਲੀ ਦੀ ਫ਼ੌਜ ’ਚ ਭਰਤੀ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਲੁਹਾਰੀ ਕਲਾਂ ਦੇ ਜੰਮਪਲ ਰਾਜਦੀਪ ਸਿੰਘ ਰਵਾਲਾ ਦਾ ਬਚਪਨ ਤੋਂ ਹੀ ਫ਼ੌਜ ’ਚ ਭਰਤੀ ਹੋਣਾ ਚਾਹੁੰਦਾ ਸੀ। ਰਾਜਦੀਪ ਦੀ ਇਹ ਕੋਸ਼ਿਸ਼ ਇਟਲੀ ’ਚ ਰਹਿ ਕੇ ਪੂਰੀ ਹੋ ਸਕੀ ਕਿਉਂਕਿ ਉਸ ਦੇ ਪਿਤਾ 2001 ਅਤੇ ਮਾਤਾ 2006 ’ਚ ਇਟਲੀ ਚਲੇ ਗਏ ਸਨ। ਉਸ ਦਾ ਬਚਪਨ ਦਾਦਾ ਜਸਵੰਤ ਸਿੰਘ ਅਤੇ ਦਾਦੀ ਅਮਰਜੀਤ ਕੌਰ ਨਾਲ ਬੀਤਿਆ। ਪਿਤਾ ਪਰਮਿੰਦਰ ਸਿੰਘ ਤੇ ਮਾਤਾ ਸਰਬਜੀਤ ਕੌਰ ਦੇ ਦਿੱਤੇ ਸੰਸਕਾਰਾਂ ਨੇ ਰਾਜਦੀਪ ਅੰਦਰ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ੍ਹ ਇਰਾਦਾ ਪੈਦਾ ਕਰਨ ’ਚ ਕੋਈ ਕਸਰ ਨਹੀਂ ਛੱਡੀ। ਦਾਦਾ ਜਸਵੰਤ ਸਿੰਘ ਅਤੇ ਦਾਦੀ ਅਮਰਜੀਤ ਕੌਰ ਦੀ 2010 ’ਚ ਮੌਤ ਹੋਣ ਤੋਂ ਬਾਅਦ ਰਾਜਦੀਪ ਸਿੰਘ ਅਤੇ ਉਸ ਦਾ ਭਰਾ ਜਗਦੀਪ ਸਿੰਘ ਰਵਾਲਾ ਇਟਲੀ ਦੇ ਕਰਸੋਲੀ (ਅਕੁਇਲਾ) ’ਚ ਰਹਿੰਦੇ ਆਪਣੇ ਮਾਤਾ-ਪਿਤਾ ਕੋਲ ਚਲੇ ਗਏ। ਉੱਥੇ ਰਾਜਦੀਪ ਨੇ ਪੜ੍ਹਾਈ ਜਾਰੀ ਰੱਖੀ ਅਤੇ 2020 ’ਚ ਡਿਪਲੋਮਾ ਪਾਸ ਕੀਤਾ। ਵਿਦੇਸ਼ ’ਚ ਵੀ ਉਸ ਦੇ ਮਨ ਅੰਦਰ ਫ਼ੌਜ ’ਚ ਜਾਣ ਦਾ ਸੁਪਨਾ ਬਰਕਰਾਰ ਰਿਹਾ। ਉਸ ਨੇ ਪੜ੍ਹਾਈ ਦੇ ਨਾਲ-ਨਾਲ ਸਰੀਰਕ ਕਸਰਤ, ਦੌੜ, ਜਿੰਮ ਅਤੇ ਤੈਰਾਕੀ ਵੀ ਜਾਰੀ ਰੱਖੀ। ਆਖ਼ਰਕਾਰ ਰਾਜਦੀਪ ਸਿੰਘ ਦੀ ਸਿਰਤੋੜ ਮਿਹਨਤ ਅਤੇ ਲਗਨ ਨੂੰ ਬੂਰ ਪਿਆ। ਉਹ ਇਟਲੀ ਦੀ ਫ਼ੌਜ ਦੇ ਸਖ਼ਤ ਟੈਸਟ ਪਾਸ ਕਰ ਕੇ 25 ਅਪ੍ਰੈਲ 2026 ਨੂੰ ਇਟਲੀ ਦੀ ਫ਼ੌਜ ’ਚ ਭਰਤੀ ਹੋ ਗਿਆ। ਇਸ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਰਾਜਦੀਪ ਦੀ ਮਿਹਨਤ ਰੰਗ ਲਿਆਈ ਹੈ ਅਤੇ ਸਾਰੇ ਪਰਿਵਾਰ ਨੂੰ ਉਸ ’ਤੇ ਮਾਣ ਹੈ। ਰਾਜਦੀਪ ਦੇ ਭਰਾ ਜਗਦੀਪ ਸਿੰਘ ਨੇ ਕਿਹਾ ਕਿ ਜੇਕਰ ਤੁਹਾਡੇ ’ਚ ਜਜ਼ਬਾ ਹੈ, ਤਾਂ ਤੁਹਾਡੀ ਮਿਹਨਤ ਵਿਦੇਸ਼ਾਂ ’ਚ ਬੈਠੇ ਵੀ ਪੂਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੋਂ ਜਾ ਕੇ ਇਟਲੀ ਦੇ ਵਾਸੀ ਹੋ ਗਏ ਹਨ ਪਰ ਆਪਣੀ ਮਿੱਟੀ ਦਾ ਮੋਹ ਅੱਜ ਵੀ ਬਰਕਰਾਰ ਹੈ। ਜਿੱਥੇ ਉਹ ਇਟਲੀ ਦੀ ਤਰੱਕੀ ਲਈ ਕੰਮ ਕਰ ਰਹੇ ਹਨ, ਉੱਥੇ ਆਪਣੀ ਜਨਮ ਭੂਮੀ ਲੁਹਾਰੀ ਕਲਾਂ ਦਾ ਮੋਹ ਵੀ ਉਨ੍ਹਾਂ ਦੇ ਮਨ ’ਚ ਵਸਿਆ ਹੋਇਆ ਹੈ।