ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਵੱਡਾ ਉਪਰਾਲਾ: ਵਰਲਡ ਯੂਨੀਵਰਸਿਟੀ ਦੇ 14 ਗੱਤਕਾ ਖਿਡਾਰੀਆਂ ਦੀ ਫੀਸ ਲਈ ਦਿੱਤਾ 4.20 ਲੱਖ ਦਾ ਚੈੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿਭਾਗ ਵੱਲੋਂ ਸਾਲ 2019 ਤੋਂ ਇੱਕ ਸਾਲਾ ਡਿਪਲੋਮਾ ਇਨ ਗੱਤਕਾ ਕੋਰਸ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਕੋਰਸ ਦੀ ਫੀਸ ਦਾ ਪੂਰਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਉਠਾਇਆ ਜਾਂਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਸਿਖਲਾਈ ਪ੍ਰਾਪਤ ਕਰਨ ਦਾ ਵਿਲੱਖਣ ਮੌਕਾ ਮਿਲ ਰਿਹਾ ਹੈ।
Publish Date: Thu, 02 Jul 2026 03:05 PM (IST)
Updated Date: Thu, 02 Jul 2026 03:08 PM (IST)
ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ - ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿਭਾਗ ਵੱਲੋਂ ਸਾਲ 2019 ਤੋਂ ਇੱਕ ਸਾਲਾ ਡਿਪਲੋਮਾ ਇਨ ਗੱਤਕਾ ਕੋਰਸ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਕੋਰਸ ਦੀ ਫੀਸ ਦਾ ਪੂਰਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਉਠਾਇਆ ਜਾਂਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਸਿਖਲਾਈ ਪ੍ਰਾਪਤ ਕਰਨ ਦਾ ਵਿਲੱਖਣ ਮੌਕਾ ਮਿਲ ਰਿਹਾ ਹੈ।
ਪਿਛਲੇ ਛੇ ਸਾਲਾਂ ਦੌਰਾਨ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਾਲਸਾ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿੱਚ ਵੀ ਟੀਮ ਨੇ ਓਵਰਆਲ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਸਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 14 ਵਿਦਿਆਰਥੀਆਂ ਦੀ ਫੀਸ ਲਈ 4,20,000 ਰੁਪਏ ਦਾ ਚੈੱਕ ਯੂਨੀਵਰਸਿਟੀ ਨੂੰ ਭੇਂਟ ਕੀਤਾ ਗਿਆ। ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਡਾ. ਇੰਦਰਜੀਤ ਕੌਰ ਗਿੱਲ, ਡਾਇਰੈਕਟਰ ਐਜੂਕੇਸ਼ਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਹ ਚੈੱਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੂੰ ਸੌਂਪਿਆ।
ਇਸ ਮੌਕੇ ਡਾ. ਭੁਪਿੰਦਰ ਸਿੰਘ ਘੁੰਮਣ, ਪ੍ਰੋਫੈਸਰ ਆਫ਼ ਐਮੀਨੈਂਸ, ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿਭਾਗ, ਡਾ. ਹਰਦੇਵ ਸਿੰਘ, ਮੁਖੀ ਧਰਮ ਅਧਿਐਨ ਵਿਭਾਗ, ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਸਿੰਘ ਸੋਢੀ, ਸ. ਤਲਵਿੰਦਰ ਸਿੰਘ, ਗੱਤਕਾ ਕੋਚ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾ ਸਿਰਫ਼ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਦੀਆਂ ਹਨ, ਸਗੋਂ ਗੱਤਕੇ ਵਰਗੀ ਅਨਮੋਲ ਸਿੱਖ ਵਿਰਾਸਤ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ।