- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਵੱਲੋਂ ਲਗਾਏ ਮੁਫ਼ਤ ਕੈਂਪ ਦੌਰਾਨ 123 ਵਿਅਕਤੀਆਂ ਨੇ ਫ਼ਾਈਬ੍ਰੋਸਕੈੱਨ ਅਤੇ 107 ਨੇ ਬੋਨ ਮਿਨਰਲ ਡੈਨਸਿਟੀ ਟੈਸਟ ਕਰਵਾਏ

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੀ ਸੰਸਥਾ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਬਣਾਉਣ ਵਾਸਤੇ ਆਰੰਭ ਕੀਤੀ ਮੁਹਿੰਮ ਦੇ ਤਹਿਤ ਇਲਾਕੇ ਦੇ ਨਾਮਵਰ ਡਾ.ਬਿਮਲ ਗਰਗ ਦੇ ਸਹਿਯੋਗ ਨਾਲ ਗਰਗ ਮਲਟੀਸ਼ਪੈਸ਼ਲਿਟੀ ਹਸਪਤਾਲ ਫ਼ਰੀਦਕੋਟ ਵਿਖੇ ਮੁਫ਼ਤ ਫ਼ਾਈਬ੍ਰੋਸਕੈੱਨ ਅਤੇ ਬੋਨ ਮਿਨਰਲ ਟੈੱਸਟ ਕਰਨ ਦਾ ਕੈਂਪ ਲਗਾਇਆ। ਇਸ ਕੈਂਪ ਦੌਰਾਨ ਪਹੁੰਚੇ ਇਲਾਕਾ ਨਿਵਾਸੀਆਂ ਤੇ ਟੈੱਸਟ ਕਰਨ ਪਹੁੰਚੀ ਟੀਮ ਨੂੰ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਨੇ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਰੋਟਰੀ ਕਲੱਬ ਸਮੇਂ-ਸਮੇਂ ਤੇ ਇਲਾਕਾ ਨਿਵਾਸੀਆਂ ਨੂੰ ਵੱਖ-ਵੱਖ ਰੋਗਾਂ ਤੋਂ ਬਚਾਉਣ ਵਾਸਤੇ ਜਾਗਰੂਕਤਾ ਕੈਂਪ ਲਗਾਉਂਦਾ ਹੈ, ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਜੇਕਰ ਸਾਨੂੰ ਕੋਈ ਸਮੱਸਿਆ ਹੈ ਵੀ ਤਾਂ ਉਸ ਦਾ ਮੁੱਢਲੇ ਸਮੇਂ ਪਤਾ ਲਗਾ ਸਕੇ ਤੇ ਇਲਾਜ ਕਰਕੇ ਵਿਅਕਤੀ ਤੰਦਰੁਸਤ ਹੋ ਸਕੇ। ਇਸ ਮੌਕੇ ਕਲੱਬ ਦੇ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਕਰੀਬ 2 ਕਰੋੜ ਦੀ ਲਾਗਤ ਨਾਲ ਕੈਂਸਰ ਵੈੱਨ ਤਿਆਰ ਕੀਤੀ ਗਈ ਹੈ। ਇਹ ਵੈੱਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਅਤੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਲਿਜਾ ਕੇ ਕੈਂਸਰ ਦੇ ਨਾਲ-ਨਾਲ ਹੋਰ ਬਿਮਾਰੀਆਂ ਦੀ ਜਾਂਚ ਤੇ ਇਲਾਜ ਦੇ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਪਹੁੰਚੇ ਸ਼ਹਿਰੀਆਂ ਨੂੰ ਸੰਬੋਧਨ ਕਰਦਿਆਂ ਇਲਾਕੇ ਦੇ ਨਾਮੀ ਡਾਕਟਰ ਬਿਮਲ ਗਰਗ ਨੇ ਸਿਹਤ ਸਬੰਧੀ ਚੰਗੀਆਂ ਆਦਤਾਂ ਤੇ ਧਾਰਨੀ ਬਣਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਵਿਸਥਾਰ ਨਾਲ ਹੈੱਲਥੀ ਖਾਣ-ਪੀਣ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਸਾਨੂੰ ਆਪਣੇ ਜੀਵਨ ’ਚ ਹਰ ਰੋਜ਼ ਸੈਰ, ਯੋਗਾ, ਕਸਰਤ,ਮੈਡੀਟੇਸ਼ਨ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਹੱਡੀਆਂ ਦੀ ਜਾਂਚ ਵਾਸਤੇ ਬੋਨ ਮਿਨਰਲ ਡੈਨਸਿਟੀ ਅਤੇ ਲੀਵਰ ਦੀ ਜਾਂਚ ਵਾਸਤੇ ਫ਼ਾਈਬ੍ਰੋਸਕੈਨ ਕੈਂਪ ਲਗਾਏ ਗਏ ਹਨ। ਉਨ੍ਹਾਂ ਟੈਸਟ ਕਰਾਉਣ ਪਹੁੰਚੇ ਸ਼ਹਿਰ ਨਿਵਾਸੀਆਂ ਦੀਆਂ ਰਿਪੋਰਟਾਂ ਦੀ ਜਾਂਚ ਕੀਤੀ ਤੇ ਸਿਹਤਮੰਦ ਰਹਿਣ ਵਾਸਤੇ ਵਿਅਕਤੀਰੂਪ ’ਚ ਵੀ ਸੁਝਾਅ ਦਿੱਤੇ। ਇਸ ਕੈਂਪ ਦੌਰਾਨ 123 ਇਲਾਕਾ ਨਿਵਾਸੀਆਂ ਨੇ ਲੀਵਰ ਨਾਲ ਸਬੰਧਿਤ ਫ਼ਾਈਬ੍ਰੇਸਕੈਨ ਟੈਸਟ ਕਰਵਾਇਆ ਅਤੇ ਇਸ ਹੱਡੀਆਂ ਦੀ ਜਾਂਚ ਵਾਸਤੇ 107 ਵਿਅਕਤੀਆਂ ਨੇ ਬੋਨ ਮਿਨਰਲ ਟੈੱਸਟ ਕਰਵਾਇਆ। ਅੰਤ ’ਚ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਅਤੇ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਇਸ ਕੈਂਪ ਦੀ ਸਫ਼ਲਤਾ ਵਾਸਤੇ ਗਰਗ ਮਲਟੀਸ਼ਪੈਸ਼ਲਿਟੀ ਹਸਪਤਾਲ ਫ਼ਰੀਦਕੋਟ ਦੇ ਸਟਾਫ਼, ਰੋਟਰੀ ਕਲੱਬ ਫ਼ਰੀਦਕੋਟ ਦੇ ਕੈਸ਼ੀਅਰ ਪਵਨ ਵਰਮਾ, ਪ੍ਰੋ.ਐੱਨ.ਕੇ.ਗੁਪਤਾ, ਯੁਗੇਸ਼ ਗਰਗ,ਅਰਵਿੰਦ ਛਾਬੜਾ, ਸੁਖਵੰਤ ਸਿੰਘ, ਕੇ.ਪੀ.ਸਿੰਘ ਸਰਾਂ, ਰੋਟਰੀ ਕਲੱਬ (ਚੈਂਪੀਅਨ) ਫ਼ਰੀਦਕੋਟ ਦੇ ਪ੍ਰਧਾਨ ਮੰਜੂ ਸੁਖੀਜਾ, ਸਕੱਤਰ ਪਿ੍ਰੰਸੀਪਲ ਸੁਰਿੰਦਰਪਾਲ ਕੌਰ ਸਰਾਂ, ਮੀਨਕਾਸ਼ੀ ਗਰਗ, ਜਸਪਾਲ ਕੌਰ ਗੁਰਾਇਆ ਨੇ ਅਹਿਮ ਭੂਮਿਕਾ ਅਦਾ ਕੀਤੀ।