- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਸੰਸ ਫੀਸ ਵਾਧੇ ਖ਼ਿਲਾਫ਼ ਟਾਈਪਿਸਟਾਂ ਤੇ ਅਸਟਾਮ ਫਰੋਸਾਂ ਨੇ ਵਿਧਾਇਕ ਅਮੋਲਕ ਸਿੰਘ ਨੂੰ ਸੌਂਪਿਆ ਮੰਗ ਪੱਤਰ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਵੱਲੋਂ ਟਾਈਪਿਸਟਾਂ, ਫੋਟੋ ਸਟੇਟ ਦੁਕਾਨਦਾਰਾਂ, ਅਸਟਾਮ ਫਰੋਸਾਂ ਅਤੇ ਵਸੀਕਾ ਨਵੀਸਾਂ ਦੀਆਂ ਲਾਇਸੰਸ ਫੀਸਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਰੋਸ ਜਤਾਉਂਦਿਆਂ ਉੱਪ ਮੰਡਲ ਪ੍ਰਬੰਧਕੀ ਕੰਪਲੈਕਸ ਜੈਤੋ ਵਿਖੇ ਕੰਮ ਕਰਦੇ ਸਮੂਹ ਵਰਗਾਂ ਵੱਲੋਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਟਾਈਪਿਸਟ ਯੂਨੀਅਨ ਉੱਪ ਮੰਡਲ ਪ੍ਰਬੰਧਕੀ ਕੰਪਲੈਕਸ ਜੈਤੋ ਦੇ ਪ੍ਰਧਾਨ ਸੁਖਇੰਦਰ ਸਿੰਘ ‘ਟੈਣੀ ਭੁੱਲਰ’ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਇਸੰਸ ਫੀਸਾਂ ਵਿੱਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਤਹਿਸੀਲਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ। ਯੂਨੀਅਨ ਆਗੂਆਂ ਨੇ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਟਾਈਪਿਸਟ, ਫੋਟੋ ਸਟੇਟ, ਅਸਟਾਮ ਫਰੋਸ ਅਤੇ ਵਸੀਕਾ ਨਵੀਸ ਵਰਗ ਕਈ ਸਾਲਾਂ ਤੋਂ ਤਹਿਸੀਲਾਂ ਵਿੱਚ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪਰੰਤੂ ਸਰਕਾਰ ਵੱਲੋਂ ਲਾਇਸੰਸ ਫੀਸ 6000 ਰੁਪਏ ਸਲਾਨਾ ਤੋਂ ਵਧਾ ਕੇ 12000 ਰੁਪਏ ਸਲਾਨਾ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਹਰ ਸਾਲ 10 ਫ਼ੀਸਦੀ ਵਾਧੇ ਦਾ ਫ਼ੈਸਲਾ ਵੀ ਕੀਤਾ ਗਿਆ ਹੈ, ਜੋ ਕਿ ਛੋਟੇ ਕਾਰੋਬਾਰੀਆਂ ਲਈ ਬਹੁਤ ਵੱਡਾ ਆਰਥਿਕ ਬੋਝ ਹੈ। ਨੁਮਾਇੰਦਿਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਹਿਸੀਲਾਂ ਨਾਲ ਸਬੰਧਤ ਕਈ ਕੰਮ ਸੇਵਾ ਕੇਂਦਰਾਂ ਅਤੇ ਸੀ.ਐੱਸ.ਸੀ. ਸੈਂਟਰਾਂ ਰਾਹੀਂ ਹੋਣ ਕਾਰਨ ਟਾਈਪਿਸਟਾਂ, ਫੋਟੋ ਸਟੇਟ ਦੁਕਾਨਦਾਰਾਂ ਅਤੇ ਅਸਟਾਮ ਫਰੋਸਾਂ ਦੇ ਕੰਮ ਵਿੱਚ ਕਾਫ਼ੀ ਕਮੀ ਆਈ ਹੈ। ਆਮਦਨ ਘਟਣ ਕਾਰਨ ਕਈ ਵਿਅਕਤੀ ਆਪਣਾ ਪੁਰਾਣਾ ਕੰਮ ਛੱਡਣ ਲਈ ਮਜ਼ਬੂਰ ਹੋ ਚੁੱਕੇ ਹਨ, ਜਦਕਿ ਕਈਆਂ ਨੇ ਆਪਣਾ ਕਾਰੋਬਾਰ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਵਧਦੀਆਂ ਫੀਸਾਂ ਅਤੇ ਘੱਟ ਰਹੀ ਆਮਦਨ ਕਾਰਨ ਬਹੁਤ ਸਾਰੇ ਪਰਿਵਾਰਾਂ ਲਈ ਰੋਜ਼ਾਨਾ ਜੀਵਨ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਕਈ ਛੋਟੇ ਕਾਰੋਬਾਰੀ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਹਾਲੇ ਤੱਕ ਕੋਈ ਠੋਸ ਰਾਹਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਲਾਇਸੰਸ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਲਾਇਸੰਸ ਫੀਸ 6000 ਰੁਪਏ ਸਲਾਨਾ ਹੀ ਬਹਾਲ ਕੀਤੀ ਜਾਵੇ ਅਤੇ ਇਸ ਸਬੰਧੀ ਤੁਰੰਤ ਹੁਕਮ ਜਾਰੀ ਕੀਤੇ ਜਾਣ, ਤਾਂ ਜੋ ਤਹਿਸੀਲਾਂ ਵਿੱਚ ਕੰਮ ਕਰਦੇ ਟਾਈਪਿਸਟ, ਫੋਟੋ ਸਟੇਟ, ਅਸਟਾਮ ਫਰੋਸ ਅਤੇ ਵਸੀਕਾ ਨਵੀਸ ਆਪਣਾ ਕੰਮ ਸੁਚੱਜੇ ਢੰਗ ਨਾਲ ਕਰ ਸਕਣ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ। ਇਸ ਮੌਕੇ ਯੂਨੀਅਨ ਵੱਲੋਂ ਉਮੀਦ ਜਤਾਈ ਗਈ ਕਿ ਸੂਬਾ ਸਰਕਾਰ ਉਨ੍ਹਾਂ ਦੀ ਜਾਇਜ਼ ਮੰਗ ’ਤੇ ਜਲਦ ਵਿਚਾਰ ਕਰਕੇ ਰਾਹਤ ਭਰਿਆ ਫ਼ੈਸਲਾ ਲਵੇਗੀ। ਇਸ ਮੌਕੇ ਯੂਨੀਅਨ ਦੇ ਵਾਈਸ ਪ੍ਰਧਾਨ ਸੁਰਿੰਦਰ ਅਰੋੜਾ, ਵਿਜੈ ਅਰੋੜਾ, ਸੁਖਵਿੰਦਰ ਸਿੰਘ ਗੋਲਡੀ, ਬਲਵਿੰਦਰ ਸਿੰਘ, ਸੋਨੀ ਕਾਸਲ, ਭੁਪਿੰਦਰ ਸਿੰਘ, ਸੁਖਜਿੰਦਰ ਸਿੰਘ ਪੋਲਾ, ਗੌਰਵ ਗੋਇਲ ‘ਗੋਲਡੀ’, ਜਸਪਾਲ ਸਿੰਘ ਸੰਧੂ ਕੋਟਕਪੂਰਾ, ਬਲਜਿੰਦਰ ਸਿੰਘ ਬੱਬੀ, ਜੈਪੀ, ਅੰਮ੍ਰਿਤਪਾਲ ਸਿੰਘ ਬੱਬੂ, ਪਵਨ ਕੁਮਾਰ, ਹਰੀਸ਼ ਕੁਮਾਰ, ਖੁਸ਼ਵਿੰਦਰ ਸਿੰਘ ਸਰਾਵਾਂ ਆਦਿ ਹਾਜ਼ਰ ਸਨ।