- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਖ ਆਕਸੀਜਨ ਦਾ ਕੁਦਰਤੀ ਤੋਹਫ਼ਾ ਹਨ : ਹਰਸ਼ਦੀਪ ਬਾਂਸਲ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਮੌਜੂਦਾ ਸਮੇਂ ਵਿੱਚ ਵਾਤਾਵਰਨ ਨੂੰ ਬਚਾਉਣਾ ਹਰ ਮਨੁੱਖ ਦੀ ਮੁੱਢਲੀ ਜ਼ਿੰਮੇਵਾਰੀ ਬਣ ਚੁੱਕੀ ਹੈ। ਤੇਜ਼ੀ ਨਾਲ ਹੋ ਰਹੀ ਰੁੱਖਾਂ ਦੀ ਕਟਾਈ ਅਤੇ ਵਧ ਰਹੇ ਪ੍ਰਦੂਸ਼ਣ ਕਾਰਨ ਧਰਤੀ ਦੇ ਵਾਤਾਵਰਨ ’ਤੇ ਗੰਭੀਰ ਪ੍ਰਭਾਵ ਪੈ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਦੇਖਭਾਲ ਕਰਕੇ ਧਰਤੀ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਵਿਚਾਰ ਉੱਘੇ ਸਮਾਜ ਸੇਵੀ ਅਤੇ ਆਮ ਸੀਐੱਸਸੀ ਬਾਲ ਵਿਦਿਆਲਿਆ ਜੈਤੋ ਦੇ ਪ੍ਰਿੰਸੀਪਲ ਹਰਸ਼ਦੀਪ ਬਾਂਸਲ ਨੇ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ। ਇਹ ਸਾਨੂੰ ਮੁਫ਼ਤ ਵਿੱਚ ਆਕਸੀਜਨ, ਛਾਂ, ਫ਼ਲ ਅਤੇ ਸਾਫ਼ ਹਵਾ ਪ੍ਰਦਾਨ ਕਰਦੇ ਹਨ। ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਰੁੱਖ ਕੇਵਲ ਮਨੁੱਖਾਂ ਲਈ ਹੀ ਨਹੀਂ, ਸਗੋਂ ਪੰਛੀਆਂ ਅਤੇ ਹੋਰ ਜੀਵ-ਜੰਤੂਆਂ ਲਈ ਵੀ ਜੀਵਨ ਦਾ ਆਧਾਰ ਹਨ। ਪ੍ਰਿੰਸੀਪਲ ਹਰਸ਼ਦੀਪ ਬਾਂਸਲ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਅੱਜ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸ ਨਾਲ ਭਵਿੱਖ ਵਿੱਚ ਕਈ ਤਰ੍ਹਾਂ ਦੀਆਂ ਕੁਦਰਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਾਤਾਵਰਨ ਪ੍ਰਦੂਸ਼ਣ, ਤਾਪਮਾਨ ਵਿੱਚ ਵਾਧਾ, ਪਾਣੀ ਦੀ ਕਮੀ ਅਤੇ ਮੌਸਮੀ ਤਬਦੀਲੀਆਂ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਹੁਣ ਤੋਂ ਹੀ ਸੰਜੀਦਾ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ ਸਾਨੂੰ ਅੱਜ ਤੋਂ ਹੀ ਰੁੱਖਾਂ ਦੀ ਸੰਭਾਲ ਦਾ ਸੰਕਲਪ ਲੈਣਾ ਚਾਹੀਦਾ ਹੈ। ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਪਾਣੀ ਦੇਣਾ, ਸੁਰੱਖਿਆ ਕਰਨੀ ਅਤੇ ਵੱਡਾ ਕਰਨਾ ਵੀ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ। ਪ੍ਰਿੰਸੀਪਲ ਹਰਸ਼ਦੀਪ ਬਾਂਸਲ ਨੇ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ, ਜਿਸ ਦੇ ਮਾੜੇ ਪ੍ਰਭਾਵ ਪੂਰੇ ਵਿਸ਼ਵ ਪੱਧਰ ’ਤੇ ਵੇਖਣ ਨੂੰ ਮਿਲ ਰਹੇ ਹਨ। ਇਸ ਸਮੱਸਿਆ ਤੋਂ ਬਚਾਅ ਲਈ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ, ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਸਮਾਜਿਕ ਸਥਾਨਾਂ ’ਤੇ ਛਾਂਦਾਰ, ਫ਼ਲਦਾਰ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਲਗਾਉਣ। ਜੇਕਰ ਹਰ ਵਿਅਕਤੀ ਆਪਣੇ ਪੱਧਰ ’ਤੇ ਇੱਕ-ਇੱਕ ਰੁੱਖ ਦੀ ਜ਼ਿੰਮੇਵਾਰੀ ਲੈ ਲਵੇ ਤਾਂ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਆਉਣ ਵਾਲੀ ਪੀੜ੍ਹੀ ਲਈ ਸੁਰੱਖਿਅਤ ਬਣਾਇਆ ਜਾ ਸਕਦਾ ਹੈ।