- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜੈਤੋ ਵਿਖੇ 23 ਰੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਨੌਜਵਾਨਾਂ ਨੂੰ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰੱਖਣ, ਉਨ੍ਹਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜੈਤੋ ਨਾਈਟ ਕ੍ਰਿਕਟ ਟੂਰਨਾਮੈਂਟ ਕਲੱਬ ਵੱਲੋਂ 23 ਰੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ 29 ਜੂਨ ਤੋਂ 21 ਜੁਲਾਈ ਤੱਕ ਸਥਾਨਕ ਰਾਮਲੀਲਾ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਨੂੰ ਲੈ ਕੇ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਸਰਪ੍ਰਸਤ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਕੋਮਲ ਸ਼ਰਮਾ ‘ਸੋਨੂੰ’ ਅਤੇ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਸ਼ੇਖਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੂਰਨਾਮੈਂਟ ਦਾ ਸ਼ਾਨਦਾਰ ਰਸਮੀ ਉਦਘਾਟਨ 29 ਜੂਨ, ਦਿਨ ਸੋਮਵਾਰ ਨੂੰ ਰਾਤ 8.00 ਵਜੇ ਪ੍ਰਸਿੱਧ ਉਦਯੋਗਪਤੀ ਰਾਕੇਸ਼ ਕੁਮਾਰ ਕਾਲਾ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਸਮਾਪਤੀ ਸਮਾਗਮ 21 ਜੁਲਾਈ, ਦਿਨ ਮੰਗਲਵਾਰ ਨੂੰ ਹੋਵੇਗਾ, ਜਿਸ ਦੌਰਾਨ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮ ਮੁੱਖ ਮਹਿਮਾਨ ਸ਼੍ਰੀ ਬਾਲਾ ਜੀ ਆਇਲ ਮਿਲਜ਼ (ਨੇੜੇ ਜਿੰਦਲ ਕਲੋਨੀ) ਜੈਤੋ ਦੇ ਐੱਮਡੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜੈਤੋ ਦੇ ਚੇਅਰਮੈਨ ਨਰੇਸ਼ ਜਿੰਦਲ ਵੱਲੋਂ ਵੰਡੇ ਜਾਣਗੇ। ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਵੀ ਨਿਵਾਜਿਆ ਜਾਵੇਗਾ। ਸਰਪ੍ਰਸਤ ਕੋਮਲ ਸ਼ਰਮਾ ‘ਸੋਨੂੰ’ ਅਤੇ ਪ੍ਰਧਾਨ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਕਿ੍ਰਕਟ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਕਲੱਬ ਨੂੰ ਲਗਾਤਾਰ ਸਹਿਯੋਗ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਹਰ ਸਾਲ ਕਲੱਬ ਨੂੰ ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਨਾਲ ਟੂਰਨਾਮੈਂਟ ਨੂੰ ਹੋਰ ਸੁਚੱਜੇ ਅਤੇ ਵਿਸ਼ਾਲ ਪੱਧਰ ’ਤੇ ਕਰਵਾਉਣ ਵਿੱਚ ਮਦਦ ਮਿਲਦੀ ਹੈ। ਇਸ ਵਾਰ ਟੂਰਨਾਮੈਂਟ ਵਿੱਚ ਕੁੱਲ 9 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਕੈਪਟਨ ਤੇਜਪਾਲ ਦੀ ਟੀਮ ਦੇ ਮਾਲਕ ਕੌਂਸਲਰ ਬੇਅੰਤ ਸਿੰਘ ‘ਰਾਜੂ ਸਿੱਧੂ’, ਕੈਪਟਨ ਮੋਰਕਲ ਦੀ ਟੀਮ ਦੇ ਮਾਲਕ ਕੌਂਸਲਰ ਲਖਵਿੰਦਰ ਸਿੰਘ ‘ਲੱਖਾ ਬਰਾੜ’, ਕੈਪਟਨ ਲਵਿਸ ਜਿੰਦਲ ਦੀ ਟੀਮ ਦੇ ਮਾਲਕ ਕੌਂਸਲਰ ਤੁਲਸੀ ਰਾਮ ਬਾਂਸਲ, ਕੈਪਟਨ ਕੋਮਲ ਸ਼ਰਮਾ ‘ਸੋਨੂੰ’ ਦੀ ਟੀਮ ਦੇ ਮਾਲਕ ਕੌਂਸਲਰ ਅਮਰ ਸਿੰਘ ਸਿੰਗਲ, ਕੈਪਟਨ ਰਾਜਾ ਦੀ ਟੀਮ ਦੇ ਮਾਲਕ ਕੌਂਸਲਰ ਪ੍ਰੀਤਮ ਕੌਰ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਸ਼ ਸਿੰਘ ਰਾਮਗੜ੍ਹੀਆ, ਕੈਪਟਨ ਹੈਪੀ ਕਾਲਾ ਦੀ ਟੀਮ ਦੇ ਮਾਲਕ ਕੌਂਸਲਰ ਪ੍ਰਿਯੰਕਾ ਗਰਗ ਮਿੱਤਲ, ਕੈਪਟਨ ਡਾ. ਲਵਿਸ ਦੀ ਟੀਮ ਦੇ ਮਾਲਕ ਕੌਂਸਲਰ ਪ੍ਰਵੀਨ ਗਰਗ, ਕੈਪਟਨ ਪ੍ਰਿੰਸ ਸੈਨ ਦੀ ਟੀਮ ਦੇ ਮਾਲਕ ਨਵਲ ਸਿੰਗਲਾ ਅਤੇ ਕੈਪਟਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਦੀ ਟੀਮ ਦੇ ਮਾਲਕ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ, ਪੰਜਾਬ ਕਰਿਆਨਾ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕਾਈ ਜੈਤੋ ਦੇ ਪ੍ਰਧਾਨ, ਕਰਿਆਨਾ ਮਰਚੈਂਟਸ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਪੰਜਾਬ ਟਰੇਡਰ ਕਮਿਸ਼ਨ (ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ) ਵਿਧਾਨ ਸਭਾ ਹਲਕਾ ਜੈਤੋ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਸ਼ਾਮਲ ਹਨ। ਕੋਮਲ ਸ਼ਰਮਾ ‘ਸੋਨੂੰ’ ਅਤੇ ਸ਼ੇਖਰ ਸ਼ਰਮਾ ਨੇ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਟੂਰਨਾਮੈਂਟ ਦੇਖਣ ਲਈ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਖਿਡਾਰੀਆਂ ਦਾ ਹੌਸਲਾ ਵਧਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਨਾ ਸਿਰਫ਼ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਦੇ ਹਨ, ਸਗੋਂ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਪਸੀ ਭਾਈਚਾਰੇ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜਨਤਾ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ 23 ਰੋਜ਼ਾ ਟੂਰਨਾਮੈਂਟ ਨਾ ਸਿਰਫ਼ ਖੇਡ ਮੁਕਾਬਲਿਆਂ ਦਾ ਕੇਂਦਰ ਬਣੇਗਾ, ਸਗੋਂ ਸਮਾਜ ਵਿੱਚ ਨਸ਼ਾ-ਮੁਕਤੀ, ਭਾਈਚਾਰਕ ਸਾਂਝ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਮਜ਼ਬੂਤ ਸੰਦੇਸ਼ ਵੀ ਦੇਵੇਗਾ।