- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ’ਚ ਮਸ਼ਹੂਰ ਬਾਂਸਲ ਸਵੀਟ ਹਾਊਸ ’ਚੋਂ ਚੋਰ ਲੈ ਉੱਡਿਆ ਢਾਈ ਲੱਖ ਰੁਪਏ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਮੰਡੀ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਂਸਲੇ ਵੱਧਦੇ ਨਜ਼ਰ ਆ ਰਹੇ ਹਨ। ਇਸੇ ਤਹਿਤ ਬੀਤੀ ਰਾਤ ਇੱਕ ਅਣਪਛਾਤੇ ਚੋਰ ਨੇ ਸ਼ਹਿਰ ਦੇ ਰਾਮਲੀਲਾ ਗਰਾਊਂਡ ਨੇੜੇ ਸਥਿਤ ਮਸ਼ਹੂਰ ਬਾਂਸਲ ਸਵੀਟ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਨੇ ਬੜੀ ਯੋਜਨਾਬੱਧ ਢੰਗ ਨਾਲ ਘਰ ਦੇ ਰਸਤੇ ਦੁਕਾਨ ਅੰਦਰ ਦਾਖ਼ਲ ਹੋ ਕੇ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਫਰਾਰ ਹੋ ਗਿਆ। ਚੋਰੀ ਦੀ ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚੋਰ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਾਂਸਲ ਸਵੀਟ ਹਾਊਸ ਦੇ ਮਾਲਕ, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲਰ ਤੁਲਸੀ ਰਾਮ ਬਾਂਸਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਾਨਸਾ ਵਿਖੇ ਆਪਣੇ ਭਤੀਜੇ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਇਸ ਦੌਰਾਨ ਪਿੱਛੋਂ ਰਾਤ ਨੂੰ ਚੋਰ ਨੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਵਾਪਸ ਆਉਣ ’ਤੇ ਜਦੋਂ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਅੰਦਰ ਦਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਗੱਲਿਆਂ ਦੀ ਜਾਂਚ ਕਰਨ ’ਤੇ ਨਕਦੀ ਗਾਇਬ ਮਿਲੀ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਚੋਰੀ ਦੀ ਪੂਰੀ ਘਟਨਾ ਸਾਹਮਣੇ ਆ ਗਈ। ਤੁਲਸੀ ਰਾਮ ਬਾਂਸਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਮੁਤਾਬਕ ਰਾਤ ਕਰੀਬ ਸਵਾ ਦੋ ਵਜੇ ਇੱਕ ਵਿਅਕਤੀ ਪਹਿਲਾਂ ਬਾਹਰ ਲੱਗੇ ਸ਼ੈੱਡ ’ਤੇ ਚੜ੍ਹਦਾ ਹੈ। ਇਸ ਤੋਂ ਬਾਅਦ ਉਸ ਨੇ ਉੱਪਰਲੇ ਹਿੱਸੇ ਵਿੱਚ ਪਹੁੰਚ ਕੇ ਸ਼ੀਸ਼ਾ ਤੋੜਿਆ ਅਤੇ ਖਿੜਕੀ ਰਾਹੀਂ ਘਰ ਅੰਦਰ ਦਾਖ਼ਲ ਹੋ ਗਿਆ। ਚੋਰ ਨੇ ਬੜੀ ਸਾਵਧਾਨੀ ਨਾਲ ਚੁਬਾਰੇ, ਲੋਬੀ ਅਤੇ ਡਰਾਇੰਗ ਰੂਮ ਰਾਹੀਂ ਰਸੋਈ ਤੱਕ ਪਹੁੰਚ ਬਣਾਈ। ਉਨ੍ਹਾਂ ਅੱਗੇ ਦੱਸਿਆ ਕਿ ਚੋਰ ਨੇ ਰਸੋਈ ਵਿੱਚ ਲੱਗੀ ਜਾਲੀ ਨੂੰ ਤੋੜ ਕੇ ਹੇਠਾਂ ਦੁਕਾਨ ਵਿੱਚ ਦਾਖ਼ਲ ਹੋਣ ਦਾ ਰਸਤਾ ਬਣਾਇਆ। ਦੁਕਾਨ ਅੰਦਰ ਆਉਂਦੇ ਹੀ ਉਸ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਉਸ ਨੇ ਗੱਲਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਮਾਲਕ ਅਨੁਸਾਰ ਚੋਰ ਨੇ ਪਹਿਲੇ ਗੱਲੇ ਵਿੱਚੋਂ ਪਈ ਨਕਦੀ ਕੱਢ ਲਈ ਅਤੇ ਉਸੇ ਦੌਰਾਨ ਉਸ ਨੂੰ ਦੂਜੇ ਗੱਲੇ ਦੀ ਚਾਬੀ ਮਿਲ ਗਈ। ਚਾਬੀ ਮਿਲਣ ਉਪਰੰਤ ਉਸ ਨੇ ਦੂਜਾ ਗੱਲਾ ਖੋਲ੍ਹਿਆ, ਜਿਸ ਵਿੱਚ ਕਰੀਬ ਢਾਈ ਲੱਖ ਰੁਪਏ ਰੱਖੇ ਹੋਏ ਸਨ। ਨਕਦੀ ਹੱਥ ਲੱਗਣ ਤੋਂ ਬਾਅਦ ਚੋਰ ਦੁਕਾਨ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਆਸਾਨੀ ਨਾਲ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਚੋਰ ਦਾ ਮੂੰਹ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ। ਜਿਸ ਤਰੀਕੇ ਨਾਲ ਉਸ ਨੇ ਘਰ ਅਤੇ ਦੁਕਾਨ ਵਿੱਚ ਦਾਖ਼ਲ ਹੋ ਕੇ ਇੱਕ-ਇੱਕ ਕਦਮ ਚੁੱਕਿਆ, ਉਸ ਤੋਂ ਲੱਗਦਾ ਹੈ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪੂਰੀ ਤਿਆਰੀ ਕਰਕੇ ਆਇਆ ਸੀ। ਤੁਲਸੀ ਰਾਮ ਬਾਂਸਲ ਨੇ ਕਿਹਾ ਕਿ ਇਹ ਕਿਸੇ ਜਾਣਕਾਰ ਵਿਅਕਤੀ ਜਾਂ ਕਿਸੇ ਤਜਰਬੇਕਾਰ ਚੋਰ ਦੀ ਕਾਰਵਾਈ ਵੀ ਹੋ ਸਕਦੀ ਹੈ, ਪਰ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਨੇ ਮੌਕੇ ਦਾ ਮੁਆਇਨਾ ਕਰਕੇ ਲੋੜੀਂਦੇ ਸਬੂਤ ਇਕੱਠੇ ਕੀਤੇ ਅਤੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਬਿਸ਼ਨੰਦੀ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਕਰੀਬ ਸਾਢੇ ਸੱਤ ਵਜੇ ਘਟਨਾ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਚੋਰ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਚੋਰੀ ਹੋਈ ਰਕਮ ਕਰੀਬ ਢਾਈ ਲੱਖ ਰੁਪਏ ਹੈ। ਇਸ ਚੋਰੀ ਦੀ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿੱਚ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਅਤੇ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਪੁਲਿਸ ਜਲਦ ਹੀ ਚੋਰ ਨੂੰ ਕਾਬੂ ਕਰਕੇ ਮਾਮਲੇ ਦਾ ਖੁਲਾਸਾ ਕਰੇਗੀ।