- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਬੰਸੀ ਵਾਲਾ ਜੀ ਦਾ ਪੁੰਨ ਦਿਵਸ ਸ਼ਰਧਾ ਅਤੇ ਭਗਤੀ ਭਾਵ ਨਾਲ ਮਨਾਇਆ ਗਿਆ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਪਰਮ ਪੂਜਨੀਕ ਸੰਤ ਬਾਬਾ ਬੰਸੀ ਵਾਲਾ ਜੀ ਦੇ ਪੁੰਨ ਦਿਵਸ ਦੇ ਪਾਵਨ ਮੌਕੇ ’ਤੇ ਬਾਬਾ ਬੰਸੀ ਵਾਲਾ ਗੁਰੂ ਪਰਿਵਾਰ ਜੈਤੋ ਵੱਲੋਂ ਸ੍ਰੀ ਰਾਮਾਇਣ ਪ੍ਰਚਾਰ ਮੰਡਲ (ਰਾਮਾਇਣ ਭਵਨ) ਜੈਤੋ ਵਿਖੇ ਧਾਰਮਿਕ ਸ਼ਰਧਾ, ਆਧਿਆਤਮਿਕਤਾ ਅਤੇ ਸੇਵਾ-ਭਾਵਨਾ ਨਾਲ ਭਰਪੂਰ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁੰਦਰਕਾਂਡ ਜੀ ਦੇ ਪਾਵਨ ਪਾਠ, ਕੀਰਤਨ, ਸਮੂਹਿਕ ਆਰਤੀ ਅਤੇ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸ਼ਹਿਰ ਅਤੇ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਗੁਰਦੇਵ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਭੇਟ ਕੀਤੀ। ਸਮਾਗਮ ਦੀ ਸ਼ੁਰੂਆਤ ਵਿਧੀਵਤ ਸ੍ਰੀ ਸੁੰਦਰਕਾਂਡ ਜੀ ਦੇ ਪਾਵਨ ਪਾਠ ਨਾਲ ਹੋਈ। ਇਸ ਉਪਰੰਤ ਪ੍ਰਭੂ-ਜਸ ਅਤੇ ਭਗਤੀਮਈ ਕੀਰਤਨ ਨਾਲ ਸਮੁੱਚਾ ਰਾਮਾਇਣ ਭਵਨ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਹਾਜ਼ਰ ਸੰਗਤ ਨੇ ਭਗਵਾਨ ਸ੍ਰੀ ਰਾਮ ਜੀ ਦਾ ਸਿਮਰਨ ਕਰਦਿਆਂ ਅਤੇ ਸੰਤ ਬਾਬਾ ਬੰਸੀ ਵਾਲਾ ਜੀ ਦੀਆਂ ਸਿੱਖਿਆਵਾਂ ਨੂੰ ਚੇਤੇ ਕਰਦਿਆਂ ਆਤਮਿਕ ਸ਼ਾਂਤੀ ਅਤੇ ਅਨੰਦ ਦਾ ਅਨੁਭਵ ਕੀਤਾ। ਇਸ ਮੌਕੇ ਗੁਰਦੇਵ ਭਗਵਾਨ ਬਾਬਾ ਬੰਸੀ ਵਾਲਾ ਜੀ ਗੁਰੂ ਪਰਿਵਾਰ ਜੈਤੋ ਅਤੇ ਸ੍ਰੀ ਰਾਮਾਇਣ ਪ੍ਰਚਾਰ ਮੰਡਲ ਜੈਤੋ ਦੀ ਅਗਵਾਈ ਹੇਠ ਸਮੂਹਿਕ ਆਰਤੀ ਕੀਤੀ ਗਈ। ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਮੈਂਬਰਾਂ ਨੇ ਵੀ ਪੂਰੀ ਸ਼ਰਧਾ ਨਾਲ ਆਰਤੀ ਵਿੱਚ ਭਾਗ ਲਿਆ। ਇਸ ਦੌਰਾਨ ਹਾਜ਼ਰ ਸੰਗਤ ਨੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰੇ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਧਾਰਮਿਕ ਸਮਾਗਮ ਉਪਰੰਤ ਵਿਧੀਵਤ ਭੋਗ ਪਾਏ ਗਏ ਅਤੇ ਸਮੂਹ ਸੰਗਤ ਨੂੰ ਅਤੁੱਟ ਲੰਗਰ ਛਕਾਇਆ ਗਿਆ। ਸੇਵਾਦਾਰਾਂ ਵੱਲੋਂ ਨਿਸ਼ਕਾਮ ਭਾਵਨਾ ਨਾਲ ਨਿਭਾਈ ਗਈ ਸੇਵਾ ਦੀ ਹਾਜ਼ਰ ਸੰਗਤ ਨੇ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਪਹੁੰਚੀ ਸੰਗਤ ਨੇ ਸੰਤ ਬਾਬਾ ਬੰਸੀ ਵਾਲਾ ਜੀ ਦੀਆਂ ਮਨੁੱਖਤਾ, ਸੇਵਾ, ਪ੍ਰੇਮ ਅਤੇ ਪਰਉਪਕਾਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਵੀ ਲਿਆ। ਇਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਵੀ ਕਰਵਾਇਆ ਗਿਆ, ਜਿਸ ਦੌਰਾਨ ਬਾਬਾ ਬੰਸੀ ਵਾਲਾ ਗੁਰੂ ਪਰਿਵਾਰ ਜੈਤੋ ਅਤੇ ਸ੍ਰੀ ਰਾਮਾਇਣ ਪ੍ਰਚਾਰ ਮੰਡਲ ਜੈਤੋ ਵੱਲੋਂ ਨਗਰ ਕੌਂਸਲ ਜੈਤੋ ਦੀ ਨਵ-ਨਿਯੁਕਤ ਪ੍ਰਧਾਨ ਸ੍ਰੀਮਤੀ ਨਿਰਮਲਾ ਦੇਵੀ ਗਰਗ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸੁਪੁੱਤਰ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ, ਪੰਜਾਬ ਕਰਿਆਨਾ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕਾਈ ਜੈਤੋ ਦੇ ਪ੍ਰਧਾਨ, ਕਰਿਆਨਾ ਮਰਚੈਂਟਸ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਪੰਜਾਬ ਟਰੇਡ ਕਮਿਸ਼ਨ (ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ) ਵਿਧਾਨ ਸਭਾ ਹਲਕਾ ਜੈਤੋ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਬੁਲਾਰਿਆਂ ਨੇ ਆਸ ਪ੍ਰਗਟਾਈ ਕਿ ਨਗਰ ਕੌਂਸਲ ਜੈਤੋ ਨਵੀਂ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਅਤੇ ਲੋਕ-ਭਲਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ। ਇਸ ਮੌਕੇ ਬਾਬਾ ਬੰਸੀ ਵਾਲਾ ਗੁਰੂ ਪਰਿਵਾਰ ਦੇ ਆਗੂਆਂ ਨੇ ਕਿਹਾ ਕਿ ਸੰਤ ਮਹਾਂਪੁਰਖਾਂ ਦੇ ਪੁੰਨ ਦਿਵਸ ਸਾਨੂੰ ਸੇਵਾ, ਸਿਮਰਨ, ਸਦਾਚਾਰ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਸਦਭਾਵਨਾ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਆਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਇਸ ਮੌਕੇ ਬਾਬਾ ਬੰਸੀ ਵਾਲਾ ਗੁਰੂ ਪਰਿਵਾਰ ਜੈਤੋ ਦੇ ਪ੍ਰਧਾਨ ਸੋਨੀ ਬਾਂਸਲ, ਪ੍ਰਦੀਪ ਸਿੰਗਲਾ, ਸੰਜੀਵ ਬਾਂਸਲ ਪਟਵਾਰੀ, ਹਿਤਭਿਲਾਸ਼ੀ ਸਿੰਗਲਾ, ਜਨਕ ਲਹਿਰੀ, ਮਨੀਸ਼ ਗੋਇਲ, ਰਮਨ ਗਰਗ, ਕਨ੍ਹੱਈਆ ਲਾਲ ਗਰਗ, ਰਾਕੇਸ਼ ਰੋਮਾਣਾ, ਰਮੇਸ਼ ਵਰਮਾ, ਪਵਨ ਬਾਂਸਲ, ਡਾ. ਰਮਨਦੀਪ ਸਿੰਘ, ਓਮ ਭੂਸ਼ਨ ਗਰਗ, ਨਰਿੰਦਰ ਬਾਂਸਲ ‘ਨਿੰਦੀ’, ਸ਼ਿਵ ਕੁਮਾਰ, ਰਾਜੇਸ਼ ਜਿੰਦਲ, ਰਾਮ ਅਵਤਾਰ ਵਰਮਾ, ਦਿਨੇਸ਼ ਗੋਇਲ, ਵਿੱਕੀ ਸਦਾਵਰਤੀਆ, ਅਮਨ ਬਾਂਸਲ, ਹਿਤੇਸ਼ ਗਰਗ, ਨਰੇਸ਼ ਕੁਮਾਰ, ਸੁਰੇਸ਼ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਪਤਵੰਤੇ ਵਿਅਕਤੀ ਅਤੇ ਸੰਗਤ ਹਾਜ਼ਰ ਸੀ। ਸਮਾਗਮ ਦੇ ਅੰਤ ਵਿੱਚ ਸਮੂਹ ਸੰਗਤ ਨੇ ਗੁਰਦੇਵ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ।