- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਸਤਾ ਹਾਲ ਸੰਪਰਕ ਸੜਕ ਬਣੀ ਲੋਕਾਂ ਲਈ ਸਿਰਦਰਦ, ਮੱਲਾ-ਭਗਤਾ ਭਾਈ ਕਾ ਮਾਰਗ ਦੀ ਤੁਰੰਤ ਮੁਰੰਮਤ ਦੀ ਮੰਗ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਇੱਥੋਂ ਨਜ਼ਦੀਕੀ ਪਿੰਡ ਮੱਲਾ ਨੂੰ ਭਗਤਾ ਭਾਈ ਕਾ–ਬਾਜਾਖਾਨਾ ਮੁੱਖ ਸੜਕ ਨਾਲ ਜੋੜਦੀ ਸੰਪਰਕ ਸੜਕ ਆਪਣੀ ਬਦਹਾਲੀ ’ਤੇ ਹੰਝੂ ਵਹਾ ਰਹੀ ਹੈ। ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਇਹ ਸੜਕ ਹੁਣ ਖੱਡਿਆਂ ਅਤੇ ਟੁੱਟੇ ਹੋਏ ਹਿੱਸਿਆਂ ਦਾ ਰੂਪ ਧਾਰ ਚੁੱਕੀ ਹੈ, ਜਿਸ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਦੁਰਦਸ਼ਾ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਬਾਜਾਖਾਨਾ ਦੇ ਪ੍ਰਧਾਨ ਡਾ. ਗੁਰਨਾਇਬ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਉਸਾਰੀ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਇਸ ਦੀ ਮੁਰੰਮਤ ਵੱਲ ਕਦੇ ਵੀ ਗੰਭੀਰ ਧਿਆਨ ਨਹੀਂ ਦਿੱਤਾ ਗਿਆ। ਲਗਾਤਾਰ ਭਾਰੀ ਵਾਹਨਾਂ, ਮਿੱਟੀ ਨਾਲ ਭਰੀਆਂ ਟਰਾਲੀਆਂ ਅਤੇ ਖੇਤੀਬਾੜੀ ਸੰਦਾਂ ਦੀ ਆਵਾਜਾਈ ਕਾਰਨ ਸੜਕ ਕਈ ਥਾਵਾਂ ਤੋਂ ਧੱਸ ਚੁੱਕੀ ਹੈ ਅਤੇ ਜਗ੍ਹਾ-ਜਗ੍ਹਾ ਡੂੰਘੇ ਖੱਡੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਛੋਟੇ ਵਾਹਨਾਂ, ਮੋਟਰਸਾਈਕਲ ਸਵਾਰਾਂ ਅਤੇ ਪੈਦਲ ਰਾਹਗੀਰਾਂ ਲਈ ਇਹ ਮਾਰਗ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ। ਖ਼ਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਖੱਡਿਆਂ ਵਿੱਚ ਪਾਣੀ ਭਰ ਜਾਣ ਕਾਰਨ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ, ਜਿਸ ਨਾਲ ਹਾਦਸਿਆਂ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ। ਇਹ ਸੰਪਰਕ ਸੜਕ ਖੇਤਰ ਦੀ ਜੀਵਨ ਰੇਖਾ ਮੰਨੀ ਜਾਂਦੀ ਹੈ ਕਿਉਂਕਿ ਇਸ ਮਾਰਗ ’ਤੇ ਇੱਕ ਸਕੂਲ ਅਤੇ ਇੱਕ ਨਰਸਿੰਗ ਕਾਲਜ ਸਥਿਤ ਹਨ। ਹਰ ਰੋਜ਼ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਵਿਦਿਆਰਥਣਾਂ ਇਸ ਸੜਕ ਰਾਹੀਂ ਆਪਣੇ ਵਿਦਿਅਕ ਅਦਾਰਿਆਂ ਤੱਕ ਪਹੁੰਚਦੀਆਂ ਹਨ। ਖ਼ਸਤਾ ਹਾਲ ਸੜਕ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਜਾਨ ਜ਼ੋਖਮ ਵਿੱਚ ਪਾ ਕੇ ਸਫ਼ਰ ਕਰਨਾ ਪੈਂਦਾ ਹੈ, ਜਿਸ ਕਾਰਨ ਮਾਪਿਆਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਮੱਲਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਪਹਿਲੀ ਅਤੇ ਛੇਵੀਂ ਪਾਤਸ਼ਾਹੀ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਤੋਂ ਸੰਗਤਾਂ ਪਹੁੰਚਦੀਆਂ ਹਨ। ਇਹ ਸੜਕ ਗੁਰਦੁਆਰਾ ਸਾਹਿਬ ਤੱਕ ਜਾਣ ਦਾ ਮੁੱਖ ਰਸਤਾ ਹੋਣ ਕਰਕੇ ਸ਼ਰਧਾਲੂਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਧਾਰਮਿਕ ਸੈਰ-ਸਪਾਟੇ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਇਲਾਕਾ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਹੱਤਵਪੂਰਨ ਸੰਪਰਕ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਨਾਲ ਨਾ ਸਿਰਫ਼ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ, ਸਗੋਂ ਇਤਿਹਾਸਕ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਵੀ ਆਵਾਜਾਈ ਸੁਖਾਲੀ ਹੋਵੇਗੀ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਬੰਧਿਤ ਵਿਭਾਗ ਵੱਲੋਂ ਜਲਦ ਠੋਸ ਕਦਮ ਨਾ ਚੁੱਕੇ ਗਏ ਤਾਂ ਸੜਕ ਦੀ ਹਾਲਤ ਹੋਰ ਵਿਗੜ ਸਕਦੀ ਹੈ ਅਤੇ ਕਿਸੇ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।