- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਸਟ ਫੂਡ ਦੀ ਵੱਧਦੀ ਆਦਤ ਨਾਲ ਤੇਜ਼ੀ ਨਾਲ ਵਧ ਰਿਹਾ ਫੈਟੀ ਲੀਵਰ ਦਾ ਖ਼ਤਰਾ : ਡਾ. ਵਰਿੰਦਰ ਕੁਮਾਰ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਆਧੁਨਿਕ ਜੀਵਨ ਸ਼ੈਲੀ, ਸਰੀਰਕ ਮਿਹਨਤ ਵਿੱਚ ਆਈ ਕਮੀ ਅਤੇ ਫਾਸਟ ਫੂਡ ਤੇ ਜੰਕ ਫੂਡ ਦੇ ਵਧਦੇ ਰੁਝਾਨ ਕਾਰਨ ਫੈਟੀ ਲੀਵਰ ਦੀ ਸਮੱਸਿਆ ਚਿੰਤਾਜਨਕ ਪੱਧਰ ਤੱਕ ਪਹੁੰਚ ਰਹੀ ਹੈ। ਇਹ ਬਿਮਾਰੀ ਹੁਣ ਸਿਰਫ਼ ਵੱਡੀ ਉਮਰ ਦੇ ਲੋਕਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਨੌਜਵਾਨਾਂ ਅਤੇ ਕਈ ਮਾਮਲਿਆਂ ਵਿੱਚ ਬੱਚਿਆਂ ਵਿੱਚ ਵੀ ਇਸ ਦੇ ਲੱਛਣ ਸਾਹਮਣੇ ਆ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਸ ਦੀ ਪਛਾਣ ਅਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਿਗਰ ਨੂੰ ਗੰਭੀਰ ਨੁਕਸਾਨ ਪਹੁੰਚਾ ਕੇ ਜਾਨਲੇਵਾ ਸਾਬਤ ਹੋ ਸਕਦੀ ਹੈ। ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਫੈਟੀ ਲੀਵਰ ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਜਿਗਰ ਦੇ ਸੈੱਲਾਂ ਵਿੱਚ ਲੋੜ ਤੋਂ ਵੱਧ ਚਰਬੀ ਇਕੱਠੀ ਹੋ ਜਾਂਦੀ ਹੈ। ਆਮ ਤੌਰ ’ਤੇ ਜਿਗਰ ਵਿੱਚ ਥੋੜ੍ਹੀ ਮਾਤਰਾ ਵਿੱਚ ਚਰਬੀ ਹੋਣਾ ਸਧਾਰਨ ਗੱਲ ਹੈ, ਪਰ ਜਦੋਂ ਇਹ ਮਾਤਰਾ ਵੱਧ ਜਾਂਦੀ ਹੈ ਤਾਂ ਜਿਗਰ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਲੱਗਦੀ ਹੈ। ਇਸ ਕਾਰਨ ਜਿਗਰ ਵਿੱਚ ਸੋਜ, ਕਮਜ਼ੋਰੀ ਅਤੇ ਹੋਰ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਮਾਰੀ ਦੀ ਸ਼ੁਰੂਆਤੀ ਅਵਸਥਾ ਵਿੱਚ ਹੀ ਪਛਾਣ ਹੋ ਜਾਵੇ ਤਾਂ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਰਾਹੀਂ ਇਸ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਲਾਪਰਵਾਹੀ ਵਰਤਣ ਨਾਲ ਇਹ ਬਿਮਾਰੀ ਲੀਵਰ ਸਿਰੋਸਿਸ, ਲੀਵਰ ਫੇਲ੍ਹ ਹੋਣ ਅਤੇ ਕੁਝ ਮਾਮਲਿਆਂ ਵਿੱਚ ਲੀਵਰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਫਾਸਟ ਫੂਡ, ਜਕ ਫੂਡ ਅਤੇ ਪ੍ਰੋਸੈਸਡ ਖੁਰਾਕ ਵਿੱਚ ਮੌਜੂਦ ਵੱਧ ਕੈਲੋਰੀ, ਟਰਾਂਸ ਫੈਟ, ਰਿਫਾਇੰਡ ਕਾਰਬੋਹਾਈਡਰੇਟ ਅਤੇ ਐਡਡ ਸ਼ੂਗਰ (ਫਰੂਟੋਜ਼) ਜਿਗਰ ਵਿੱਚ ਚਰਬੀ ਇਕੱਠੀ ਹੋਣ ਦੇ ਮੁੱਖ ਕਾਰਨ ਹਨ। ਪੀਜ਼ਾ, ਬਰਗਰ, ਫਰੈਂਚ ਫਰਾਈਜ਼, ਚਿਪਸ, ਪੈਕਡ ਸਨੈਕਸ, ਬੇਕਰੀ ਉਤਪਾਦ, ਕੋਲਡ ਡਰਿੰਕਸ ਅਤੇ ਐਨਰਜੀ ਡਰਿੰਕਸ ਦਾ ਲਗਾਤਾਰ ਸੇਵਨ ਸਰੀਰ ਵਿੱਚ ਵਾਧੂ ਕੈਲੋਰੀ ਅਤੇ ਚਰਬੀ ਵਧਾਉਂਦਾ ਹੈ। ਇਸ ਤੋਂ ਇਲਾਵਾ ਸਰੀਰਕ ਮਿਹਨਤ ਦੀ ਕਮੀ, ਮੋਟਾਪਾ, ਸ਼ੂਗਰ, ਉੱਚ ਕੋਲੇਸਟਰੋਲ, ਬੇਤਰਤੀਬ ਖਾਣ-ਪੀਣ ਅਤੇ ਦੇਰ ਰਾਤ ਭੋਜਨ ਕਰਨ ਦੀ ਆਦਤ ਵੀ ਇਸ ਬਿਮਾਰੀ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦੀ ਹੈ। ਡਾ. ਵਰਿੰਦਰ ਕੁਮਾਰ ਨ ਦੱਸਿਆ ਕਿ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਅਕਸਰ ਕੋਈ ਸਪੱਸ਼ਟ ਲੱਛਣ ਨਜ਼ਰ ਨਹੀਂ ਆਉਂਦੇ। ਜਿਵੇਂ-ਜਿਵੇਂ ਸਮੱਸਿਆ ਵਧਦੀ ਹੈ, ਪੇਟ ਦੇ ਸੱਜੇ ਉੱਪਰਲੇ ਹਿੱਸੇ ਵਿੱਚ ਦਰਦ ਜਾਂ ਭਾਰੀਪਨ, ਲਗਾਤਾਰ ਥਕਾਵਟ, ਕਮਜ਼ੋਰੀ, ਭੁੱਖ ਘੱਟ ਲੱਗਣਾ, ਪੇਟ ਫੁੱਲਣਾ, ਗੈਸ, ਮਤਲੀ, ਉਲਟੀਆਂ, ਭਾਰ ਵਧਣਾ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਗੰਭੀਰ ਹਾਲਤ ਵਿੱਚ ਅੱਖਾਂ ਅਤੇ ਚਮੜੀ ਦਾ ਪੀਲਾ ਪੈ ਜਾਣਾ, ਪੈਰਾਂ ਵਿੱਚ ਸੋਜ ਅਤੇ ਪੇਟ ਵਿੱਚ ਪਾਣੀ ਭਰਨਾ ਵੀ ਇਸ ਦੇ ਸੰਕੇਤ ਹੋ ਸਕਦੇ ਹਨ। ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਫੈਟੀ ਲੀਵਰ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣਾ ਜ਼ਰੂਰੀ ਹੈ। ਜੰਕ ਅਤੇ ਫਾਸਟ ਫੂਡ ਦੀ ਥਾਂ ਘਰ ਦਾ ਤਾਜ਼ਾ ਅਤੇ ਸੰਤੁਲਿਤ ਭੋਜਨ ਅਪਣਾਇਆ ਜਾਵੇ। ਹਰੀਆਂ ਸਬਜ਼ੀਆਂ, ਤਾਜ਼ੇ ਫ਼ਲ, ਦਾਲਾਂ, ਸਾਬਤ ਅਨਾਜ ਅਤੇ ਪ੍ਰੋਟੀਨ-ਯੁਕਤ ਖੁਰਾਕ ਨੂੰ ਤਰਜੀਹ ਦਿੱਤੀ ਜਾਵੇ। ਹਰ ਰੋਜ਼ ਘੱਟੋ-ਘੱਟ 30 ਤੋਂ 45 ਮਿੰਟ ਤੱਕ ਸੈਰ, ਕਸਰਤ ਜਾਂ ਯੋਗਾ ਕਰਨਾ ਲਾਭਦਾਇਕ ਹੈ। ਇਸ ਦੇ ਨਾਲ ਹੀ ਭਾਰ ਨੂੰ ਕੰਟਰੋਲ ਵਿੱਚ ਰੱਖਣਾ, ਪ੍ਰਚੁਰ ਮਾਤਰਾ ਵਿੱਚ ਪਾਣੀ ਪੀਣਾ, ਕੋਲਡ ਡਰਿੰਕਸ, ਸ਼ਰਾਬ ਅਤੇ ਵੱਧ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨਾ ਅਤੇ ਸਮੇਂ ਸਿਰ ਭੋਜਨ ਕਰਨਾ ਬਹੁਤ ਜ਼ਰੂਰੀ ਹੈ। ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਮੋਟਾਪੇ, ਸ਼ੂਗਰ, ਉੱਚ ਕੋਲੇਸਟਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਵਿਅਕਤੀਆਂ ਵਿੱਚ ਫੈਟੀ ਲੀਵਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਅਜਿਹੇ ਲੋਕਾਂ ਨੂੰ ਸਮੇਂ-ਸਮੇਂ ’ਤੇ ਲੀਵਰ ਫੰਕਸ਼ਨ ਟੈਸਟ ਅਤੇ ਅਲਟਰਾਸਾਊਂਡ ਕਰਵਾਉਣਾ ਚਾਹੀਦਾ ਹੈ, ਤਾਂ ਜੋ ਬਿਮਾਰੀ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕੇ। ਅੰਤ ਵਿੱਚ ਡਾ. ਵਰਿੰਦਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਪ੍ਰਤੀ ਸੁਚੇਤ ਰਹਿਣ। ਸਿਹਤਮੰਦ ਆਦਤਾਂ ਅਪਣਾ ਕੇ ਨਾ ਸਿਰਫ਼ ਫੈਟੀ ਲੀਵਰ, ਸਗੋਂ ਸ਼ੂਗਰ, ਦਿਲ ਦੇ ਰੋਗ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।