ਮੰਦਰ ਦੇ 50ਵੇਂ ਸਥਾਪਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ, ਪਵਿੱਤਰ ਜੋਤ ਦਾ ਸਵਾਗਤ
ਕੰਨਿਆ ਕ੍ਰਿਸ਼ਨਾ ਦੇਵੀ ਜੀ ਦੀ 26ਵੀਂ ਬਰਸੀ ਤੇ ਮੰਦਰ ਦੇ 50ਵੇਂ ਸਥਾਪਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ, ਪਵਿੱਤਰ ਜੋਤ ਦਾ ਭਰਵਾਂ ਸਵਾਗਤ
Publish Date: Tue, 16 Jun 2026 05:09 PM (IST)
Updated Date: Wed, 17 Jun 2026 04:03 AM (IST)

ਸ਼੍ਰੀ ਦੁਰਗਾ ਸਪਤਸ਼ਤੀ ਪਾਠ ਆਰੰਭ, 19 ਜੂਨ ਨੂੰ ਵਿਸ਼ਾਲ ਸ਼ੋਭਾ ਯਾਤਰਾ, 22 ਜੂਨ ਨੂੰ ਹਵਨ-ਯੱਗ ਉਪਰੰਤ ਸਮਾਪਤੀ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਨੇੜਲੇ ਪਿੰਡ ਮੱਲਾ ਵਿਖੇ ਸਥਿਤ ਪ੍ਰਸਿੱਧ ਸ਼੍ਰੀ ਜੈ ਜਵਾਲਾ ਕੰਨਿਆ ਮੰਦਰ ਵਿੱਚ ਕੰਨਿਆ ਕ੍ਰਿਸ਼ਨਾ ਦੇਵੀ ਜੀ ਦੀ 26ਵੀਂ ਬਰਸੀ ਅਤੇ ਮੰਦਿਰ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਪੂਰੇ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਕੀਤੀ ਗਈ। ਇਸ ਮੌਕੇ ਮਾਤਾ ਸ਼੍ਰੀ ਜਵਾਲਾ ਜੀ ਤੋਂ ਪਵਿੱਤਰ ਜੋਤ ਭਗਤਜਨਾਂ ਵੱਲੋਂ ਮੰਦਰ ਵਿੱਚ ਲਿਆਂਦੀ ਗਈ, ਜਿਸ ਦਾ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ, ਜੈਕਾਰਿਆਂ ਦੀ ਗੂੰਜ ਅਤੇ ਭਰਪੂਰ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਵਾਤਾਵਰਣ ਪੂਰੀ ਤਰ੍ਹਾਂ ਭਗਤੀਮਈ ਹੋ ਗਿਆ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਇਲਾਕਾ ਗੂੰਜ ਉੱਠਿਆ। ਸ਼ਰਧਾਲੂਆਂ ਵੱਲੋਂ ਪਵਿੱਤਰ ਜੋਤ ਦੇ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਇਸ ਮੌਕੇ ਮੰਦਰ ਦੇ ਸਰਪ੍ਰਸਤ ਅਤੇ ਉੱਘੇ ਕਥਾ ਵਾਚਕ ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਜੈ ਜਵਾਲਾ ਕੰਨਿਆ ਮੰਦਰ ਦੀ ਨੀਂਹ ਸੰਨ 1976 ਵਿੱਚ ਪੂਜਨੀਕ ਕੰਨਿਆ ਸ਼੍ਰੀ ਕ੍ਰਿਸ਼ਨਾ ਦੇਵੀ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖੀ ਗਈ ਸੀ। ਉਨ੍ਹਾਂ ਨੇ ਆਪਣਾ ਜੀਵਨ ਸਰਬੱਤ ਦੇ ਭਲੇ ਲਈ ਸਮਰਪਿਤ ਕਰਦੇ ਹੋਏ ਪਰਿਵਾਰਕ ਮੋਹ-ਮਾਇਆ ਤੋਂ ਉਪਰ ਉਠ ਕੇ ਭਗਤਾਂ ਨੂੰ ਏਕਤਾ, ਸ਼ਾਂਤੀ, ਸੇਵਾ ਅਤੇ ਭਗਤੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਦੇਵੀ ਜੀ ਨੇ ਸੰਨ 2000 ਵਿੱਚ ਜੇਠ ਮਹੀਨੇ ਦੀ ਅਸ਼ਟਮੀ ਦੇ ਦਿਵਸ ਮਾਤਾ ਰਾਣੀ ਦੇ ਚਰਨਾਂ ਵਿੱਚ ਲੀਨ ਹੋ ਕੇ ਆਪਣੀ ਲੀਲਾ ਸੰਪੂਰਨ ਕੀਤੀ ਸੀ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਵਿਸ਼ਾਲ ਬਰਸੀ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਮੰਦਰ ਦੀ 50ਵੀਂ ਸਥਾਪਨਾ ਵਰ੍ਹੇਗੰਢ ਨੂੰ ਵੀ ਜੋੜ ਕੇ ਸਮਾਗਮਾਂ ਨੂੰ ਹੋਰ ਵੀ ਵਿਸ਼ਾਲ ਅਤੇ ਭਵਿਆ ਰੂਪ ਦਿੱਤਾ ਗਿਆ ਹੈ। ਸਮਾਗਮਾਂ ਦੀ ਲੜੀ ਤਹਿਤ 12 ਜੂਨ ਨੂੰ ਭਗਤਜਨਾਂ ਦਾ ਜੱਥਾ ਮਾਤਾ ਸ਼੍ਰੀ ਜਵਾਲਾ ਜੀ ਤੋਂ ਪਵਿੱਤਰ ਜੋਤ ਲਿਆਉਣ ਲਈ ਰਵਾਨਾ ਹੋਇਆ ਸੀ, ਜਿਸ ਦਾ ਅੱਜ ਮੰਦਰ ਪਹੁੰਚਣ ’ਤੇ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਹੋਰ ਦੱਸਿਆ ਕਿ ਸੋਮਵਾਰ ਤੋਂ 51 ਸ਼੍ਰੀ ਦੁਰਗਾ ਸਪਤਸ਼ਤੀ ਦੇ ਪਾਠ ਵਿਧੀਵਤ ਤੌਰ ’ਤੇ ਆਰੰਭ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਹਿੱਸਾ ਲੈ ਰਹੀਆਂ ਹਨ। 19 ਜੂਨ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਪਿੰਡ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਭਗਤੀਮਈ ਮਾਹੌਲ ਪੈਦਾ ਕਰੇਗੀ। ਇਸ ਸ਼ੋਭਾ ਯਾਤਰਾ ਵਿੱਚ 51 ਕਲਸ਼ਾਂ ਨਾਲ ਸਜੀਆਂ ਬੀਬੀਆਂ ਅਤੇ 51 ਧਾਰਮਿਕ ਝੰਡੇ ਧਾਰਨ ਕਰਨ ਵਾਲੇ ਭਗਤ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ। ਮੰਦਰ ਕਮੇਟੀ ਵੱਲੋਂ ਇਸ ਸਮਾਗਮ ਨੂੰ ਇਤਿਹਾਸਕ ਰੂਪ ਦੇਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। 22 ਜੂਨ ਨੂੰ ਹਵਨ-ਯੱਗ ਉਪਰੰਤ ਸ੍ਰੀ ਦੁਰਗਾ ਸਪਤਸ਼ਤੀ ਪਾਠਾਂ ਦੀ ਪੂਰਨ ਆਹੂਤੀ ਕੀਤੀ ਜਾਵੇਗੀ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਇਲਾਕੇ ਦੇ ਬਜ਼ੁਰਗਾਂ ਵੱਲੋਂ ਅਦਾ ਕੀਤੀ ਜਾਵੇਗੀ। ਨਾਲ ਹੀ 51 ਬਜ਼ੁਰਗਾਂ ਅਤੇ 51 ਬਜ਼ੁਰਗ ਬੀਬੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ, ਜੋ ਸਮਾਜ ਵਿੱਚ ਸਨਮਾਨ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਰਾਤ ਸਮੇਂ ਵਿਸ਼ਾਲ ਜਾਗਰਣ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ 51 ਆਰਤੀਆਂ ਵਿਸ਼ੇਸ਼ ਆਕਰਸ਼ਣ ਹੋਣਗੀਆਂ। ਪੂਰਾ ਮੰਦਰ ਪਰਿਸਰ ਰੌਸ਼ਨੀ, ਭਗਤੀ ਸੰਗੀਤ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਗੂੰਜ ਉੱਠੇਗਾ। ਸਮਾਗਮ ਦੌਰਾਨ ਦਿਨ-ਰਾਤ ਅਟੁੱਟ ਲੰਗਰ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿੱਚ ਹਰ ਵਰਗ ਦੇ ਸ਼ਰਧਾਲੂਆਂ ਲਈ ਪ੍ਰਸਾਦ ਦੀ ਸੇਵਾ ਨਿਰੰਤਰ ਜਾਰੀ ਰਹੇਗੀ। ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਇਸ ਪਵਿੱਤਰ ਸਮਾਗਮ ਦਾ ਹਿੱਸਾ ਬਣਨ।