- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ’ਤੇ ਸਸਪੈਂਸ ਬਰਕਰਾਰ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਜੈਤੋ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅਜੇ ਵੀ ਅਣਨਿਰਣੇ ਦੀ ਸਥਿਤੀ ਵਿੱਚ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਬਾਵਜੂਦ ਪ੍ਰਧਾਨਗੀ ਦੀ ਕੁਰਸੀ ਲਈ ਅਜੇ ਤੱਕ ਕਿਸੇ ਇੱਕ ਨਾਮ ’ਤੇ ਸਹਿਮਤੀ ਨਹੀਂ ਬਣ ਸਕੀ। ਇਸ ਕਾਰਨ ਸ਼ਹਿਰ ਦੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਅਤੇ ਕਿਆਸ ਆਰਾਈਆਂ ਦਾ ਦੌਰ ਲਗਾਤਾਰ ਜਾਰੀ ਹੈ। ਹਰ ਲੰਘਦੇ ਦਿਨ ਨਾਲ ਪ੍ਰਧਾਨਗੀ ਨੂੰ ਲੈ ਕੇ ਸਸਪੈਂਸ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਹੈ। ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਨਵੀਂ ਨਗਰ ਕੌਂਸਲ ਦਾ ਗਠਨ ਅਤੇ ਪ੍ਰਧਾਨ ਦੀ ਚੋਣ ਛੇਤੀ ਕਰ ਲਈ ਜਾਵੇਗੀ, ਪਰ ਸਮਾਂ ਬੀਤਣ ਨਾਲ ਇਹ ਮਾਮਲਾ ਹੋਰ ਗੁੰਝਲਦਾਰ ਬਣਦਾ ਨਜ਼ਰ ਆ ਰਿਹਾ ਹੈ। ਕਦੇ ਕਿਸੇ ਕੌਂਸਲਰ ਦਾ ਨਾਮ ਚਰਚਾ ਵਿੱਚ ਆਉਂਦਾ ਹੈ ਤਾਂ ਕਦੇ ਕਿਸੇ ਹੋਰ ਨੂੰ ਪ੍ਰਧਾਨਗੀ ਦਾ ਮਜ਼ਬੂਤ ਦਾਅਵੇਦਾਰ ਦੱਸਿਆ ਜਾਂਦਾ ਹੈ। ਇਸ ਸਥਿਤੀ ਨੇ ਨਾ ਸਿਰਫ਼ ਪ੍ਰਧਾਨਗੀ ਦੇ ਇੱਛੁਕ ਕੌਂਸਲਰਾਂ ਨੂੰ ਦੁਬਿਧਾ ਵਿੱਚ ਰੱਖਿਆ ਹੋਇਆ ਹੈ, ਸਗੋਂ ਸ਼ਹਿਰ ਦੇ ਲੋਕਾਂ ਵਿੱਚ ਵੀ ਅੰਤਿਮ ਫ਼ੈਸਲੇ ਨੂੰ ਲੈ ਕੇ ਉਤਸੁਕਤਾ ਲਗਾਤਾਰ ਵੱਧ ਰਹੀ ਹੈ। ਪ੍ਰਧਾਨ ਦੀ ਚੋਣ ਨੂੰ ਲੈ ਕੇ ਚੁਣੇ ਗਏ ਕੌਂਸਲਰਾਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਪਾਰਟੀ ਦੇ ਅੰਤਿਮ ਫ਼ੈਸਲੇ ਤੋਂ ਪਹਿਲਾਂ ਕੋਈ ਵੀ ਆਗੂ ਖੁੱਲ੍ਹ ਕੇ ਆਪਣਾ ਦਾਅਵਾ ਕਰਨ ਤੋਂ ਗੁਰੇਜ਼ ਕਰ ਰਿਹਾ ਹੈ, ਹਾਲਾਂਕਿ ਅੰਦਰਖਾਤੇ ਸਰਗਰਮੀਆਂ ਅਤੇ ਸਮਰਥਨ ਇਕੱਠਾ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 7 ਉਮੀਦਵਾਰ ਨਿਰਵਿਰੋਧ ਚੁਣਵਾ ਕੇ ਅਤੇ 5 ਕੌਂਸਲਰ ਚੋਣ ਜਿੱਤ ਕੇ ਕੁੱਲ 12 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਇਸ ਜਿੱਤ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਧਾਨ ਦੀ ਚੋਣ ਸਿਰਫ਼ ਇੱਕ ਰਸਮੀ ਕਾਰਵਾਈ ਸਾਬਤ ਹੋਵੇਗੀ, ਪਰ ਮੌਜੂਦਾ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਬਹੁਮਤ ਹੋਣ ਦੇ ਬਾਵਜੂਦ ਪ੍ਰਧਾਨ ਦੀ ਚੋਣ ਲਗਾਤਾਰ ਟਲਣ ਕਾਰਨ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਸੂਤਰਾਂ ਅਨੁਸਾਰ ਤਿੰਨ ਮਹਿਲਾ ਕੌਂਸਲਰਾਂ ਸਮੇਤ ਘੱਟੋ-ਘੱਟ ਚਾਰ ਕੌਂਸਲਰ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਸਾਰੇ ਦਾਅਵੇਦਾਰ ਆਪਣੇ ਸਿਆਸੀ ਤਜਰਬੇ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਜਨ ਅਧਾਰ ਦੇ ਆਧਾਰ ’ਤੇ ਆਪਣੇ ਆਪ ਨੂੰ ਮਜ਼ਬੂਤ ਉਮੀਦਵਾਰ ਮੰਨ ਰਹੇ ਹਨ। ਇਹੀ ਕਾਰਨ ਹੈ ਕਿ ਪਾਰਟੀ ਲੀਡਰਸ਼ਿਪ ਲਈ ਕਿਸੇ ਇੱਕ ਨਾਮ ’ਤੇ ਅੰਤਿਮ ਸਹਿਮਤੀ ਬਣਾਉਣਾ ਆਸਾਨ ਨਹੀਂ ਹੋ ਰਿਹਾ। ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਵਾਰਡ ਨੰਬਰ-3 ਤੋਂ ਨਰਿੰਦਰਪਾਲ ਸਿੰਘ ਰਾਮੇਆਣਾ, ਵਾਰਡ ਨੰਬਰ-6 ਤੋਂ ਬੇਅੰਤ ਸਿੰਘ ‘ਰਾਜੂ ਸਿੱਧੂ’, ਵਾਰਡ ਨੰਬਰ-8 ਤੋਂ ਡਾ. ਹਰੀਸ਼ ਚੰਦਰ ਗੋਇਲ (ਸਾਬਕਾ ਪ੍ਰਧਾਨ) ਅਤੇ ਵਾਰਡ ਨੰਬਰ-11 ਤੋਂ ਨਿਰਮਲਾ ਦੇਵੀ ਗਰਗ ਦੇ ਨਾਮ ਸਭ ਤੋਂ ਵੱਧ ਚਰਚਾ ਵਿੱਚ ਹਨ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਕਿਸੇ ਵੀ ਨਾਮ ’ਤੇ ਅਧਿਕਾਰਤ ਮੋਹਰ ਨਹੀਂ ਲਗਾਈ ਗਈ। ਇਸ ਕਾਰਨ ਸਿਆਸੀ ਗਲਿਆਰਿਆਂ ਵਿੱਚ ਅਟਕਲਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ। ਕੁਝ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਸਮਾਜਿਕ ਅਤੇ ਸਿਆਸੀ ਸੰਤੁਲਨ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਕਿਸੇ ਨਵੇਂ ਚਿਹਰੇ ’ਤੇ ਵੀ ਦਾਅ ਲਗਾ ਸਕਦੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨਗੀ ਦੇ ਕਈ ਮਜ਼ਬੂਤ ਦਾਅਵੇਦਾਰ ਹੋਣ ਕਾਰਨ ਵਿਧਾਇਕ ਅਮੋਲਕ ਸਿੰਘ ਲਈ ਅੰਤਿਮ ਫ਼ੈਸਲਾ ਲੈਣਾ ਆਸਾਨ ਨਹੀਂ ਹੈ। ਪਾਰਟੀ ਲੀਡਰਸ਼ਿਪ ਅਜਿਹਾ ਫ਼ੈਸਲਾ ਕਰਨਾ ਚਾਹੁੰਦੀ ਹੈ ਜੋ ਸੰਗਠਨ ਦੀ ਏਕਤਾ ਨੂੰ ਮਜ਼ਬੂਤ ਰੱਖੇ ਅਤੇ ਕਿਸੇ ਵੀ ਧੜੇ ਵਿੱਚ ਨਾਰਾਜ਼ਗੀ ਦੀ ਸਥਿਤੀ ਪੈਦਾ ਨਾ ਹੋਵੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਿਯੁਕਤੀ ਸਿਆਸੀ ਪੱਖੋਂ ਵੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਸਥਾਨਕ ਪੱਧਰ ’ਤੇ ਪਾਰਟੀ ਦੇ ਸੰਗਠਨ ਅਤੇ ਭਵਿੱਖ ਦੇ ਚੋਣ ਸਮੀਕਰਨਾਂ ’ਤੇ ਪੈ ਸਕਦਾ ਹੈ। ਉੱਧਰ ਪ੍ਰਧਾਨ ਦੀ ਚੋਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵਿੱਚ ਵੀ ਚਿੰਤਾ ਵਧ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਚੁਣੇ ਹੋਏ ਪ੍ਰਧਾਨ ਦੀ ਗੈਰਹਾਜ਼ਰੀ ਕਾਰਨ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਅਤੇ ਨੀਤੀਗਤ ਫ਼ੈਸਲਿਆਂ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ। ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕਈ ਮਹੱਤਵਪੂਰਨ ਯੋਜਨਾਵਾਂ, ਨਵੇਂ ਪ੍ਰੋਜੈਕਟਾਂ ਦੀ ਮਨਜ਼ੂਰੀ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਦੇਰੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸਮਾਜਿਕ ਅਤੇ ਬੁੱਧੀਜੀਵੀ ਵਰਗ ਦਾ ਵੀ ਮੰਨਣਾ ਹੈ ਕਿ ਲੋਕਾਂ ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਸਪੱਸ਼ਟ ਜਨਾਦੇਸ਼ ਦਿੱਤਾ ਹੈ, ਇਸ ਲਈ ਹੁਣ ਪਾਰਟੀ ਨੂੰ ਬਿਨਾਂ ਬੇਲੋੜੀ ਦੇਰੀ ਕੀਤੇ ਪ੍ਰਧਾਨ ਦੀ ਚੋਣ ਕਰ ਦੇਣੀ ਚਾਹੀਦੀ ਹੈ। ਲੰਬੇ ਸਮੇਂ ਤੱਕ ਫ਼ੈਸਲਾ ਲਟਕਣ ਨਾਲ ਜਨਤਾ ਵਿੱਚ ਨਕਾਰਾਤਮਕ ਸੰਦੇਸ਼ ਜਾ ਸਕਦਾ ਹੈ ਅਤੇ ਵਿਰੋਧੀ ਧਿਰ ਨੂੰ ਵੀ ਸਿਆਸੀ ਹਮਲੇ ਕਰਨ ਦਾ ਮੌਕਾ ਮਿਲ ਸਕਦਾ ਹੈ। ਫ਼ਿਲਹਾਲ ਜੈਤੋ ਦੀ ਸਿਆਸਤ ਦਾ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕਮਾਨ ਆਖ਼ਿਰ ਕਿਸ ਦੇ ਹੱਥਾਂ ਵਿੱਚ ਸੌਂਪੀ ਜਾਵੇਗੀ। ਚੁਣੇ ਹੋਏ ਕੌਂਸਲਰਾਂ, ਸਿਆਸੀ ਵਰਗ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਹੁਣ ਪਾਰਟੀ ਦੇ ਅੰਤਿਮ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸਸਪੈਂਸ ਖ਼ਤਮ ਹੋ ਸਕਦਾ ਹੈ ਅਤੇ ਜੈਤੋ ਨਗਰ ਕੌਂਸਲ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਸਕਦਾ ਹੈ।