- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਤਾਦ ਗੋਪਾਲ ਜਿੰਦਲ ਦੀ ਯਾਦ ਨੂੰ ਸਮਰਪਿਤ ‘ਸੁਰਾਂ ਦੇ ਸੁਰਤਾਜ’ ਸੰਗੀਤ ਮੁਕਾਬਲਾ 19 ਜੁਲਾਈ ਨੂੰ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਜੈਤੋ ਦੀ ਪ੍ਰਸਿੱਧ ਸਮਾਜਿਕ, ਸੱਭਿਆਚਾਰਕ ਅਤੇ ਕਲਾ ਪ੍ਰੇਮੀ ਸੰਸਥਾ ਸ਼੍ਰੀ ਰਾਮਾ ਕਿ੍ਰਸ਼ਨਾ ਡਰਾਮਾਟਿਕ ਕਲੱਬ ਵੱਲੋਂ ਸੰਗੀਤ ਜਗਤ ਦੇ ਸਤਿਕਾਰਯੋਗ ਉਸਤਾਦ ਸਵਰਗੀ ਗੋਪਾਲ ਜਿੰਦਲ ਦੀ ਪਵਿੱਤਰ ਯਾਦ ਨੂੰ ਸਮਰਪਿਤ ਦੂਸਰੇ ਵਿਸ਼ਾਲ ਸੰਗੀਤ ਸਮਾਗਮ ‘ਸੁਰਾਂ ਦੇ ਸੁਰਤਾਜ’ ਦਾ ਆਯੋਜਨ 19 ਜੁਲਾਈ, ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਰਾਮਲੀਲਾ ਭਵਨ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਉਭਰਦੇ ਗਾਇਕਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਵੱਡੇ ਮੰਚ ’ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਟਿੰਕੂ ਢੱਲਾ ਨੇ ਦੱਸਿਆ ਕਿ ਇਸ ਸੰਗੀਤ ਪ੍ਰਤੀਯੋਗਿਤਾ ਵਿੱਚ 100 ਤੋਂ ਵੱਧ ਬੱਚੇ ਅਤੇ ਨੌਜਵਾਨ ਭਾਗ ਲੈਣਗੇ। ਪ੍ਰਤੀਯੋਗੀਆਂ ਦੀ ਉਮਰ ਸੀਮਾ 10 ਤੋਂ 25 ਸਾਲ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੂੰ ਲੈ ਕੇ ਇਲਾਕੇ ਦੇ ਨੌਜਵਾਨ ਗਾਇਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ। ਟਿੰਕੂ ਢੱਲਾ ਨੇ ਦੱਸਿਆ ਕਿ 19 ਜੁਲਾਈ ਨੂੰ ਹੋਣ ਵਾਲੇ ਆਡੀਸ਼ਨਾਂ ਵਿੱਚੋਂ ਚੁਣੇ ਗਏ ਪ੍ਰਤੀਯੋਗੀ 26 ਜੁਲਾਈ, ਦਿਨ ਐਤਵਾਰ ਨੂੰ ਰਾਮਲੀਲਾ ਗਰਾਊਂਡ, ਜੈਤੋ ਵਿਖੇ ਸ਼ਾਮ 6.00 ਵਜੇ ਤੋਂ ਰਾਤ 11.00 ਵਜੇ ਤੱਕ ਹੋਣ ਵਾਲੇ ਸ਼ਾਨਦਾਰ ਫਾਈਨਲ ਮੁਕਾਬਲੇ ਵਿੱਚ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਫਾਈਨਲ ਦੌਰਾਨ ਪ੍ਰਸਿੱਧ ਜੱਜਾਂ ਦੇ ਪੈਨਲ ਵੱਲੋਂ ਪ੍ਰਤੀਯੋਗੀਆਂ ਦੀ ਗਾਇਕੀ, ਸੁਰ, ਲੈਅ ਅਤੇ ਸਟੇਜ ਪ੍ਰਸਤੁਤੀ ਦੇ ਆਧਾਰ ’ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਦੀ ਚੋਣ ਕੀਤੀ ਜਾਵੇਗੀ। ਜੇਤੂਆਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਆਕਰਸ਼ਕ ਇਨਾਮਾਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਮਾਪਿਆਂ ਅਤੇ ਸੰਗੀਤ ਪ੍ਰੇਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਵਿੱਚ ਗਾਇਕੀ ਦੀ ਪ੍ਰਤਿਭਾ ਹੈ ਤਾਂ ਉਹ ਇਸ ਮੁਕਾਬਲੇ ਵਿੱਚ ਜ਼ਰੂਰ ਭਾਗ ਲੈਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪ੍ਰਤੀਯੋਗਿਤਾ ਵਿੱਚ ਸ਼ਾਮਲ ਹੋਣ ਲਈ ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਜਾਂ ਐਂਟਰੀ ਫੀਸ ਨਹੀਂ ਰੱਖੀ ਗਈ। ਇਸ ਕਾਰਨ ਇਹ ਉਭਰਦੇ ਕਲਾਕਾਰਾਂ ਲਈ ਆਪਣੀ ਕਲਾ ਨੂੰ ਨਿਖਾਰਨ ਅਤੇ ਮਾਣਯੋਗ ਮੰਚ ’ਤੇ ਆਪਣੀ ਪਛਾਣ ਬਣਾਉਣ ਦਾ ਬੇਮਿਸਾਲ ਮੌਕਾ ਹੈ। ਫਾਰਮ ਪ੍ਰਾਪਤ ਕਰਨ ਅਤੇ ਹੋਰ ਜਾਣਕਾਰੀ ਲਈ 96916-00008 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਸੰਦੀਪ ਪਾਟਿਲ ‘ਟੋਨੀ ਸ਼ਰਮਾ’, ਮਿਊਜ਼ਿਕ ਡਾਇਰੈਕਟਰ ਸੋਨੂੰ ਵਰਮਾ, ਜਾਗਰਣ ਮੰਡਲ ਦੇ ਚੇਅਰਮੈਨ ਪੰਕਜ ਜਿੰਦਲ, ਸੀਨੀਅਰ ਐਕਟਰ ਅੰਕੁਰ ਗਰਗ, ਸੁਨੀਲ ਗਰਗ (ਫੈਟੀ), ਪ੍ਰੋਜੈਕਟ ਚੇਅਰਮੈਨ ਟਿੰਕੂ ਢੱਲਾ ਜਾਂ ਕਲੱਬ ਦੇ ਪ੍ਰੈਸ ਸਕੱਤਰ ਸੰਦੀਪ ਕੁਮਾਰ ‘ਸੋਨੂੰ ਲੂੰਬਾ’ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰੈਸ ਸਕੱਤਰ ਸੰਦੀਪ ਕੁਮਾਰ ‘ਸੋਨੂੰ ਲੂੰਬਾ’ ਨੇ ਦੱਸਿਆ ਗਿਆ ਕਿ ਇਸ ਵਿਸ਼ਾਲ ਸੰਗੀਤ ਸਮਾਗਮ ਨੂੰ ਯਾਦਗਾਰ ਅਤੇ ਸਫ਼ਲ ਬਣਾਉਣ ਲਈ ਸੰਸਥਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਪੂਰੀ ਲਗਨ ਅਤੇ ਤਨਦੇਹੀ ਨਾਲ ਤਿਆਰੀਆਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੱਭਿਆਚਾਰਕ ਉਪਰਾਲੇ ਨੂੰ ਕਾਮਯਾਬ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ, ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਅਤੇ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨ।