- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ਼ ਹਨੇਰੀ, ਮੀਂਹ ਤੇ ਗੜਿਆਂ ਨੇ ਮਚਾਈ ਤਬਾਹੀ; ਪਿੰਡ ਰਾਮੇਆਣਾ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਅੱਜ ਆਏ ਅਚਾਨਕ ਤੇਜ਼ ਮੌਸਮੀ ਤੂਫ਼ਾਨ-ਹਨੇਰੀ, ਮੀਂਹ ਅਤੇ ਗੜਿਆਂ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਰਾਮੇਆਣਾ (ਨੇੜੇ ਜੈਤੋ) ਵਿੱਚ ਭਾਰੀ ਤਬਾਹੀ ਮਚਾ ਦਿੱਤੀ। ਕੁਝ ਹੀ ਮਿੰਟਾਂ ਵਿੱਚ ਆਏ ਇਸ ਕਹਿਰ ਨੇ ਖੇਤਾਂ ਵਿੱਚ ਖੜੀਆਂ ਸਬਜ਼ੀਆਂ, ਮੱਕੀ ਅਤੇ ਮੂੰਗੀ ਦੀ ਫ਼ਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਕਿਸਾਨਾਂ ਵਿੱਚ ਗਹਿਰੀ ਨਿਰਾਸ਼ਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਤੇਜ਼ ਹਵਾਵਾਂ ਅਤੇ ਗੜਿਆਂ ਦੀ ਬਰਸਾਤ ਕਾਰਨ ਖੇਤਾਂ ਵਿੱਚ ਖੜੀਆਂ ਫ਼ਸਲਾਂ ਪਲਕ ਝਪਕਦੇ ਹੀ ਡਹਿ ਗਈਆਂ। ਸਬਜ਼ੀਆਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨੁਕਸਾਨੀ ਗਈਆਂ, ਜਦਕਿ ਮੱਕੀ ਅਤੇ ਮੂੰਗੀ ਦੇ ਖੇਤਾਂ ਵਿੱਚ ਗੜਿਆਂ ਨੇ ਪੱਤਿਆਂ ਨੂੰ ਚੀਰ ਕੇ ਰੱਖ ਦਿੱਤਾ ਅਤੇ ਫਲੀਆਂ ਤੇ ਦਾਣੇ ਜ਼ਮੀਨ ’ਤੇ ਡਿੱਗ ਪਏ। ਕਿਸਾਨਾਂ ਦੇ ਅਨੁਸਾਰ ਕਈ ਖੇਤਾਂ ਵਿੱਚ ਤਾਂ ਪੂਰੀ ਫ਼ਸਲ ਹੀ ਖ਼ਤਮ ਹੋ ਗਈ ਹੈ। ਇਸ ਮੌਕੇ ਉੱਘੇ ਕਿਸਾਨ ਆਗੂ ਅਤੇ ਸਮਾਜ ਸੇਵੀ ਉਡੀਕ ਸਿੰਘ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੀ ਢਾਈ ਕਿਲੇ ਮੂੰਗੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੜਿਆਂ ਨੇ ਫ਼ਸਲ ਨੂੰ ਇਸ ਕਦਰ ਨੁਕਸਾਨ ਪਹੁੰਚਾਇਆ ਹੈ ਕਿ ਖੇਤਾਂ ਵਿੱਚ ਹੁਣ ਕੁਝ ਵੀ ਨਹੀਂ ਬਚਿਆ। ਉਨ੍ਹਾਂ ਦਰਦ ਭਰੇ ਸ਼ਬਦਾਂ ਵਿੱਚ ਕਿਹਾ ਕਿ ‘ਹੁਣ ਤਾਂ ਸਿਰਫ਼ ਵਾਹੁਣ-ਵਾਵਣ ਵਾਲੀ ਗੱਲ ਰਹਿ ਗਈ ਹੈ, ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ’। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਰਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਦੌਰਾਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਧਰਮਜੀਤ ਸਿੰਘ ਰਾਮੇਆਣਾ ਨੇ ਕਿਸਾਨਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਮੁਸ਼ਕਲ ਘੜੀ ਵਿੱਚ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਤੇ ਰਾਹਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਸਮੀ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਤੁਰੰਤ ਅੰਦਾਜ਼ਾ ਲਗਾ ਕੇ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਵਿਸਥਾਰਤ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਮਿਲ ਸਕੇ। ਇਸ ਮੌਕੇ ਕਿਸਾਨਾਂ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨੁਕਸਾਨ ਦੀ ਤੁਰੰਤ ਸਰਵੇਖਣ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਜ਼ਰੂਰੀ ਕਦਮ ਚੁੱਕੇ ਜਾਣ। ਮੌਸਮ ਦੇ ਇਸ ਅਚਾਨਕ ਕਹਿਰ ਨੇ ਨਾ ਸਿਰਫ਼ ਖੇਤੀਬਾੜੀ ਨੂੰ ਵੱਡਾ ਝਟਕਾ ਦਿੱਤਾ ਹੈ, ਸਗੋਂ ਖੇਤੀ ’ਤੇ ਨਿਰਭਰ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ।