2 ਸਾਲ ਤੋਂ ਮਲੇਸ਼ੀਆ ’ਚ ਫਸੀ ਸਿਮਰਜੀਤ ਕੌਰ ਦੀ ਹੋਈ ਵਤਨ ਵਾਪਸੀ, ਏਜੰਟਾਂ ਦੇ ਝਾਂਸੇ 'ਚ ਆ ਕੇ ਗਈ ਸੀ ਵਿਦੇਸ਼
ਸਿਮਰਜੀਤ ਕੌਰ ਦੇ ਪਿਤਾ ਮੰਗਾ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਮਲੇਸ਼ੀਆ ਗਈ ਉਨ੍ਹਾਂ ਦੀ ਧੀ ਨੂੰ ਉੱਥੇ ਕਥਿਤ ਤੌਰ ’ਤੇ ਕੈਦ ਕਰਕੇ ਰੱਖਿਆ ਗਿਆ ਸੀ। ਉਸ ਦੀ ਮਾਪਿਆਂ ਨਾਲ ਗੱਲਬਾਤ ਵੀ ਨਹੀਂ ਕਰਵਾਈ ਜਾਂਦੀ ਸੀ ਅਤੇ ਉਸ ਨਾਲ ਕੁੱਟਮਾਰ ਤੇ ਤਸ਼ੱਦਦ ਕੀਤਾ ਜਾਂਦਾ ਸੀ। ਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਪਰਿਵਾਰ ਨੇ ਉਸ ਨੂੰ ਵਾਪਸ ਲਿਆਉਣ ਲਈ ਵੱਖ-ਵੱਖ ਪੱਧਰਾਂ ’ਤੇ ਮਦਦ ਦੀ ਕੋਸ਼ਿਸ਼ ਕੀਤੀ।
Publish Date: Sat, 24 Oct 2026 09:57 AM (IST)
Updated Date: Sat, 24 Oct 2026 10:05 AM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ ਫ਼ਰੀਦਕੋਟ : ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸੰਗਰਾਹੂਰ ਦੀ ਸਿਮਰਜੀਤ ਕੌਰ ਦਾ ਸਾਹਮਣੇ ਆਇਆ ਹੈ, ਜੋ ਦੋ ਸਾਲ ਪਹਿਲਾਂ ਮਲੇਸ਼ੀਆ ਗਈ ਸੀ ਅਤੇ ਲੰਬੇ ਸਮੇਂ ਤੋਂ ਉੱਥੇ ਫਸੀ ਹੋਈ ਸੀ। ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੇ ਯਤਨਾਂ ਅਤੇ ਭਾਰਤੀ ਹਾਈ ਕਮਿਸ਼ਨ, ਮਲੇਸ਼ੀਆ ਨੂੰ ਕੀਤੀ ਗਈ ਅਪੀਲ ਤੋਂ ਬਾਅਦ ਸਿਮਰਜੀਤ ਕੌਰ ਦੀ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ।
ਸਿਮਰਜੀਤ ਕੌਰ ਦੇ ਪਿਤਾ ਮੰਗਾ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਮਲੇਸ਼ੀਆ ਗਈ ਉਨ੍ਹਾਂ ਦੀ ਧੀ ਨੂੰ ਉੱਥੇ ਕਥਿਤ ਤੌਰ ’ਤੇ ਕੈਦ ਕਰਕੇ ਰੱਖਿਆ ਗਿਆ ਸੀ। ਉਸ ਦੀ ਮਾਪਿਆਂ ਨਾਲ ਗੱਲਬਾਤ ਵੀ ਨਹੀਂ ਕਰਵਾਈ ਜਾਂਦੀ ਸੀ ਅਤੇ ਉਸ ਨਾਲ ਕੁੱਟਮਾਰ ਤੇ ਤਸ਼ੱਦਦ ਕੀਤਾ ਜਾਂਦਾ ਸੀ। ਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਪਰਿਵਾਰ ਨੇ ਉਸ ਨੂੰ ਵਾਪਸ ਲਿਆਉਣ ਲਈ ਵੱਖ-ਵੱਖ ਪੱਧਰਾਂ ’ਤੇ ਮਦਦ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੇ ਦਫ਼ਤਰ ਵਿਖੇ ਭਾਈ ਦਲੇਰ ਸਿੰਘ ਡੋਡ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸੀ ਅਤੇ ਧੀ ਦੀ ਵਾਪਸੀ ਲਈ ਸਹਾਇਤਾ ਮੰਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਭਾਰਤੀ ਹਾਈ ਕਮਿਸ਼ਨ, ਮਲੇਸ਼ੀਆ ਨੂੰ ਈਮੇਲ ਰਾਹੀਂ ਪੱਤਰ ਭੇਜ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਹੋਈ ਕਾਰਵਾਈ ਸਦਕਾ ਸਿਮਰਜੀਤ ਕੌਰ ਨੂੰ ਮਲੇਸ਼ੀਆ ਤੋਂ ਬਾਹਰ ਕਢਵਾ ਕੇ ਭਾਰਤ ਵਾਪਸ ਲਿਆਂਦਾ ਗਿਆ।---
ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਸਿਮਰਜੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦਿਹਾੜੀ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਆਰਥਿਕ ਮਜਬੂਰੀ ਕਾਰਨ ਹੀ ਉਨ੍ਹਾਂ ਨੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਏਜੰਟਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ।