- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਏਕਤਾ ਸਿੱਧੂਪੁਰ, ਡਕੌਂਦਾ ਅਤੇ ਉਗਰਾਹਾਂ ਵੱਲੋਂ ਐਸ.ਡੀ.ਓ. ਬਾਜਾਖਾਨਾ ਨੂੰ ਮੰਗ ਪੱਤਰ

- ਝੋਨੇ ਦੀ ਫ਼ਸਲ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੀ ਕੀਤੀ ਮੰਗ, ਪੀਸੀ ਕੱਟ ਤੁਰੰਤ ਬੰਦ ਕਰਨ ਦੀ ਅਪੀਲ
- ਅੱਜ ਪੀਐੱਸਪੀਸੀਐੱਲ ਦਫ਼ਤਰ ਬਾਜਾਖਾਨਾ ਅੱਗੇ ਧਰਨਾ ਦੇਣ ਦਾ ਐਲਾਨ
ਭੋਲਾ ਸ਼ਰਮਾ, ਪੰਜਾਬੀ ਜਾਗਰਣ
ਜੈਤੋ : ਝੋਨੇ ਦੀ ਲਵਾਈ ਅਤੇ ਸਿੰਚਾਈ ਦੇ ਅਹਿਮ ਸੀਜ਼ਨ ਦੌਰਾਨ ਵਾਰ-ਵਾਰ ਲੱਗ ਰਹੇ ਬਿਜਲੀ ਦੇ ਪੀਸੀ ਕੱਟਾਂ ਕਾਰਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਗੰਭੀਰ ਮੁਸ਼ਕਿਲਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਏਕਤਾ ਡਕੌਂਦਾ ਅਤੇ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੀਐੱਸਪੀਸੀਐੱਲ ਉਪ ਮੰਡਲ ਦਫ਼ਤਰ ਬਾਜਾਖਾਨਾ ਵਿਖੇ ਪਹੁੰਚ ਕੇ ਐੱਸਡੀਓ ਇੰਜੀਨੀਅਰ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਨਿਰਧਾਰਤ ਸਮੇਂ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਲਵਾਈ ਆਪਣੇ ਸਿਖਰ ’ਤੇ ਹੈ ਅਤੇ ਨਵੀਂ ਲਗਾਈ ਗਈ ਫ਼ਸਲ ਨੂੰ ਬਚਾਉਣ ਲਈ ਸਮੇਂ ਸਿਰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਏਪੀ ਬਾਜਾਖਾਨਾ 220 ਕੇ.ਵੀ. ਗਰਿੱਡ ਨਾਲ ਸਬੰਧਤ ਫੀਡਰਾਂ ’ਤੇ ਲਗਾਤਾਰ ਪੀ.ਸੀ. ਕੱਟ ਲੱਗਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਮੋਟਰਾਂ ਚਲਾਉਣ ਲਈ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ। ਇਸ ਕਾਰਨ ਹਜ਼ਾਰਾਂ ਏਕੜ ਰਕਬੇ ਵਿੱਚ ਲਗਾਈ ਗਈ ਝੋਨੇ ਦੀ ਫ਼ਸਲ ਸੁੱਕਣ ਦੇ ਕਿਨਾਰੇ ਪਹੁੰਚ ਰਹੀ ਹੈ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਫ਼ਲ ਕਾਸ਼ਤ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਹਕੀਕਤ ਵਿੱਚ ਬਿਜਲੀ ਦੀ ਸਪਲਾਈ ਲਗਾਤਾਰ ਰੁਕਾਵਟਾਂ ਦਾ ਸ਼ਿਕਾਰ ਹੈ। ਵਾਰ-ਵਾਰ ਲੱਗਦੇ ਪੀ.ਸੀ. ਕੱਟਾਂ ਕਾਰਨ ਕਿਸਾਨਾਂ ਦਾ ਸਾਰਾ ਖੇਤੀ ਕਾਰਜ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਦਿਨ-ਰਾਤ ਮੋਟਰਾਂ ਚਲਾਉਣ ਲਈ ਉਡੀਕ ਕਰਨੀ ਪੈਂਦੀ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹੀ ਸਥਿਤੀ ਰਹੀ ਤਾਂ ਝੋਨੇ ਦੀ ਪੈਦਾਵਾਰ ’ਤੇ ਵੀ ਮਾੜਾ ਅਸਰ ਪਵੇਗਾ, ਜਿਸ ਦਾ ਨੁਕਸਾਨ ਨਾ ਸਿਰਫ਼ ਕਿਸਾਨਾਂ ਨੂੰ, ਸਗੋਂ ਸੂਬੇ ਦੀ ਖੇਤੀ ਆਰਥਿਕਤਾ ਨੂੰ ਵੀ ਝੱਲਣਾ ਪਵੇਗਾ। ਮੰਗ ਪੱਤਰ ਰਾਹੀਂ ਕਿਸਾਨ ਜਥੇਬੰਦੀਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਖੇਤੀਬਾੜੀ ਫੀਡਰਾਂ ’ਤੇ ਲੱਗ ਰਹੇ ਪੀ.ਸੀ. ਕੱਟ ਤੁਰੰਤ ਪ੍ਰਭਾਵ ਨਾਲ ਬੰਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਘੱਟੋ-ਘੱਟ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਝੋਨੇ ਦੀ ਫ਼ਸਲ ਨੂੰ ਸਮੇਂ ਸਿਰ ਸਿੰਚਾਈ ਮਿਲ ਸਕੇ। ਕਿਸਾਨ ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਤਿੰਨਾਂ ਕਿਸਾਨ ਜਥੇਬੰਦੀਆਂ ਵੱਲੋਂ 2 ਜੁਲਾਈ 2026 ਨੂੰ ਪੀਐੱਸਪੀਸੀਐੱਲ ਉਪ ਮੰਡਲ ਦਫ਼ਤਰ ਬਾਜਾਖਾਨਾ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਵਧ ਰਹੀਆਂ ਖੇਤੀ ਲਾਗਤਾਂ, ਮਹਿੰਗੇ ਬੀਜ, ਖਾਦਾਂ, ਕੀਟਨਾਸ਼ਕਾਂ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ। ਅਜਿਹੇ ਸਮੇਂ ਵਿੱਚ ਬਿਜਲੀ ਦੀ ਅਣਉਪਲਬਧਤਾ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਨੂੰ ਪਹਿਲ ਦੇ ਆਧਾਰ ’ਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਇਆ ਜਾਵੇ।
ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਵਾੜਾ ਭਾਈਕਾ, ਇਕਬਾਲ ਸਿੰਘ ਸੇਖੋਂ, ਇਕਬਾਲ ਸਿੰਘ ਵਾੜਾ ਭਾਈਕਾ, ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ੇਰ ਸਿੰਘ, ਮੀਤ ਪ੍ਰਧਾਨ ਲਛਮਣ ਸਿੰਘ, ਕੇਵਲ ਸਿੰਘ, ਰੂਪ ਸਿੰਘ, ਮੰਦਰ ਸਿੰਘ, ਗੁਰਜੰਟ ਸਿੰਘ ਵਾੜਾ ਭਾਈਕਾ, ਜ਼ਿਲ੍ਹਾ ਆਗੂ ਭੋਲਾ ਸਿੰਘ, ਬਲਾਕ ਮੀਤ ਪ੍ਰਧਾਨ ਕਰਮਜੀਤ ਸਿੰਘ, ਖ਼ਜ਼ਾਨਚੀ ਲਾਲੀ ਸਿੰਘ, ਸੰਦੀਪ ਸਿੰਘ, ਮੁਖਪਾਲ ਸਿੰਘ ਮੁਖੀ ਢਿੱਲੋਂ, ਨਿਰਮਲ ਸਿੰਘ, ਭੂਰਾ ਸਿੰਘ, ਫਤਿਹ ਸਿੰਘ, ਏਕਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਐੱਸਡੀਓ ਬਾਜਾਖਾਨਾ ਇੰਜੀਨੀਅਰ ਭੁਪਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਅਤੇ ਦਿੱਤਾ ਅਲਟੀਮੇਟਮ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਸ ਤੋਂ ਕਿਸਾਨ ਜਥੇਬੰਦੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਵਿਭਾਗ ਕਿਸਾਨਾਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।