- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਸੇਵਕਾਂ ਦੀ ਹੜਤਾਲ ਨਾਲ ਜੈਤੋ ਸ਼ਹਿਰ ਦੀ ਸਫ਼ਾਈ ਵਿਵਸਥਾ ਚਰਮਰਾਈ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਚੱਲ ਰਹੀ ਕੰਮ ਛੋੜ ਹੜਤਾਲ ਦਾ ਸਿੱਧਾ ਅਸਰ ਹੁਣ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਦਿਖਾਈ ਦੇਣ ਲੱਗਾ ਹੈ। ਪਿਛਲੇ ਕਈ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੇ ਕੰਮ ਦਾ ਬਾਈਕਾਟ ਕੀਤੇ ਜਾਣ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਗਲੀਆਂ, ਮੁਹੱਲਿਆਂ ਅਤੇ ਜਨਤਕ ਥਾਵਾਂ ’ਤੇ ਕੂੜੇ-ਕਰਕਟ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਕਈ ਥਾਵਾਂ ’ਤੇ ਇਕੱਠਾ ਹੋਇਆ ਕੂੜਾ ਹੁਣ ਲੋਕਾਂ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਏ ਕੂੜੇ ਦੇ ਢੇਰ, ਪਲਾਸਟਿਕ ਦੇ ਲਿਫ਼ਾਫੇ ਅਤੇ ਗੰਦਗੀ ਨਾ ਸਿਰਫ਼ ਸ਼ਹਿਰ ਦੀ ਦਿੱਖ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਲੋਕਾਂ ਦੀ ਸਿਹਤ ਲਈ ਵੀ ਚਿੰਤਾ ਦਾ ਕਾਰਨ ਬਣੇ ਹੋਏ ਹਨ। ਸ਼ਹਿਰ ਵਿੱਚ ਦਾਖ਼ਲ ਹੁੰਦਿਆਂ ਹੀ ਸੜਕਾਂ ਦੇ ਕਿਨਾਰਿਆਂ ’ਤੇ ਇਕੱਠੀ ਹੋਈ ਗੰਦਗੀ ਸਫ਼ਾਈ ਪ੍ਰਬੰਧਾਂ ਦੀ ਮੌਜੂਦਾ ਸਥਿਤੀ ਨੂੰ ਦਰਸਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਕੂੜੇ ਦੀ ਚੁਕਾਈ ਅਤੇ ਸਫ਼ਾਈ ਦਾ ਕੰਮ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਖ਼ਾਸ ਕਰਕੇ ਬਰਸਾਤੀ ਮੌਸਮ ਦੌਰਾਨ ਕੂੜੇ ਦੇ ਢੇਰਾਂ ਵਿੱਚ ਪਾਣੀ ਇਕੱਠਾ ਹੋਣ ਨਾਲ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਵਧ ਸਕਦੀ ਹੈ, ਜਿਸ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਇਸ ਗੱਲ ’ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਜਿੱਥੇ ਲੋਕਾਂ ਨੂੰ ਸਫ਼ਾਈ ਅਤੇ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ, ਉਸੇ ਸੇਠ ਰਾਮ ਨਾਥ ਸਿਵਲ ਹਸਪਤਾਲ ਦੇ ਨੇੜੇ ਵੀ ਕੂੜੇ ਦੇ ਢੇਰ ਅਤੇ ਪਲਾਸਟਿਕ ਦੇ ਲਿਫ਼ਾਫੇ ਪਏ ਦਿਖਾਈ ਦੇ ਰਹੇ ਹਨ। ਸਿਵਲ ਹਸਪਤਾਲ ਵਿੱਚ ਰੋਜ਼ਾਨਾ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੰਦਗੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਵਪਾਰੀਆਂ ਅਤੇ ਸਮਾਜਿਕ ਨੁਮਾਇੰਦਿਆਂ ਨੇ ਕਿਹਾ ਕਿ ਸਫ਼ਾਈ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਹਵਾ ਚੱਲਣ ਜਾਂ ਬਰਸਾਤ ਹੋਣ ਸਮੇਂ ਕੂੜਾ ਅਤੇ ਪਲਾਸਟਿਕ ਦੇ ਲਿਫ਼ਾਫੇ ਉੱਡ ਕੇ ਦੁਕਾਨਾਂ ਅੰਦਰ ਆ ਜਾਂਦੇ ਹਨ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੰਦਗੀ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਮੌਕੇ ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਐੱਮ.ਡੀ. ਸੱਤਪਾਲ ਜਿੰਦਲ, ਸ਼੍ਰੀ ਬਾਲਾ ਜੀ ਟ੍ਰੇਡਰਜ਼, ਆਇਲ ਮਿਲਜ਼ (ਨੇੜੇ ਸ਼ਿਆਮ ਸੇਵਾ ਮੰਡਲ) ਪੰਚਾਇਤੀ ਗੁਊਸ਼ਾਲਾ ਰੋਡ ਜੈਤੋ ਦੇ ਐੱਮ.ਡੀ. ਭੀਮ ਸੈਨ ਜਿੰਦਲ, ਸ਼੍ਰੀ ਬਾਲਾ ਜੀ ਆਇਲ ਮਿਲਜ਼ (ਨੇੜੇ ਜਿੰਦਲ ਕਲੋਨੀ) ਜੈਤੋ ਦੇ ਐੱਮ.ਡੀ. ਨਰੇਸ਼ ਜਿੰਦਲ, ਰਾਮ ਕਿ੍ਰਸ਼ਨ ਜਵੈਲਰਜ਼ ਰੇਲਵੇ ਬਾਜ਼ਾਰ ਜੈਤੋ ਦੇ ਐੱਮ.ਡੀ. ਰਾਮ ਅਵਤਾਰ ਵਰਮਾ, ਉੱਘੇ ਵਪਾਰੀ ਤੇ ਲਾਇਨਜ਼ ਆਈ ਕੇਅਰ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ, ਡੀ.ਐੱਮ. ਫੀਡ ਐਂਡ ਫੂਡ ਕੰਪਨੀ (ਨੇੜੇ ਪੀਰਖਾਨਾ ਤੇ ਰੇਲਵੇ ਫਾਟਕ ਬਿਸ਼ਨੰਦੀ) ਜੈਤੋ ਦੇ ਐੱਮ.ਡੀ. ਵਿਨੀਤ ਕੁਮਾਰ ‘ਆਸ਼ੂ ਮਿੱਤਲ’, ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’, ਉੱਘੇ ਸਮਾਜ ਸੇਵੀ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ, ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’, ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ‘ਵਿੱਕੀ ਮੱਕੜ’, ਇਨਸਾਨੀਅਤ ਕਲੱਬ ਜੈਤੋ ਦੇ ਪ੍ਰਧਾਨ ਅੰਮ੍ਰਿਤ ਅਰੋੜਾ ਅਤੇ ਹੋਰ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਇਸ ਗੰਭੀਰ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਕਰਨ ਲਈ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਨੂੰ ਸਫ਼ਾਈ ਸੇਵਕਾਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਪੈਦਾ ਹੋ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।