- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਜਰਾਤ ਗੈਸ ਏਜੰਸੀ ਵੱਲੋਂ ਪੁੱਟੀਆਂ ਸੜਕਾਂ ਤੇ ਗਲੀਆਂ ਬਣੀਆਂ ਲੋਕਾਂ ਲਈ ਖ਼ਤਰਾ : ਡਾ. ਭਗਤੂਆਣਾ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਬਾਹਰੀ ਕੰਪਨੀਆਂ ਅਤੇ ਏਜੰਸੀਆਂ ਵੱਲੋਂ ਵਿਕਾਸ ਕਾਰਜਾਂ ਦੇ ਨਾਮ ਹੇਠ ਸੜਕਾਂ ਅਤੇ ਗਲੀਆਂ ਦੀ ਖੁਦਾਈ ਤਾਂ ਕੀਤੀ ਜਾ ਰਹੀ ਹੈ, ਪਰ ਬਾਅਦ ਵਿੱਚ ਉਨ੍ਹਾਂ ਦੀ ਸਹੀ ਢੰਗ ਨਾਲ ਮੁਰੰਮਤ ਨਾ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਪ੍ਰਸਿੱਧ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਸਿੰਘ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਗੁਰਚਰਨ ਸਿੰਘ ਭਗਤੂਆਣਾ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਗੁਜਰਾਤ ਗੈਸ ਏਜੰਸੀ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰ-ਘਰ ਗੈਸ ਸਪਲਾਈ ਲਈ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੰਟਰਲੌਕ ਟਾਈਲਾਂ ਨਾਲ ਬਣੀਆਂ ਸੜਕਾਂ ਅਤੇ ਗਲੀਆਂ ਨੂੰ ਵੱਡੇ ਪੱਧਰ ’ਤੇ ਪੁੱਟਿਆ ਜਾ ਰਿਹਾ ਹੈ, ਪਰ ਖੁਦਾਈ ਤੋਂ ਬਾਅਦ ਉਨ੍ਹਾਂ ਦੀ ਪਹਿਲਾਂ ਵਾਲੀ ਹਾਲਤ ਵਿੱਚ ਬਹਾਲੀ ਨਹੀਂ ਕੀਤੀ ਜਾ ਰਹੀ। ਡਾ. ਗੁਰਚਰਨ ਸਿੰਘ ਭਗਤੂਆਣਾ ਨੇ ਦੱਸਿਆ ਕਿ ਪਿੰਡ ਰਾਮਗੜ੍ਹ (ਭਗਤੂਆਣਾ), ਜ਼ਿਲ੍ਹਾ ਫ਼ਰੀਦਕੋਟ ਵਿਖੇ ਵੀ ਗੁਜਰਾਤ ਗੈਸ ਏਜੰਸੀ ਵੱਲੋਂ ਗੈਸ ਪਾਈਪ ਲਾਈਨ ਵਿਛਾਉਣ ਲਈ ਗਲੀਆਂ ਦੀ ਖੁਦਾਈ ਕੀਤੀ ਗਈ ਹੈ। ਕਈ ਥਾਵਾਂ ’ਤੇ ਮਸ਼ੀਨਾਂ ਨਾਲ ਡੂੰਘੇ ਟੋਏ ਪੁੱਟੇ ਗਏ ਹਨ, ਜਿਨ੍ਹਾਂ ਨੂੰ ਅਜੇ ਤੱਕ ਭਰਿਆ ਨਹੀਂ ਗਿਆ। ਇਨ੍ਹਾਂ ਖੁੱਲ੍ਹੇ ਟੋਇਆਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਲਈ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਰਾਤ ਦੇ ਸਮੇਂ ਇਹ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ, ਕਿਉਂਕਿ ਕਈ ਥਾਵਾਂ ’ਤੇ ਨਾ ਤਾਂ ਕੋਈ ਚੇਤਾਵਨੀ ਬੋਰਡ ਲਗਾਏ ਗਏ ਹਨ ਅਤੇ ਨਾ ਹੀ ਸੁਰੱਖਿਆ ਦੇ ਹੋਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਲੋਕਾਂ ਦੀ ਸਹੂਲਤ ਲਈ ਹੁੰਦੇ ਹਨ, ਪਰ ਜੇਕਰ ਉਨ੍ਹਾਂ ਨੂੰ ਜ਼ਿੰਮੇਵਾਰੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਤੋਂ ਬਿਨਾਂ ਕੀਤਾ ਜਾਵੇ ਤਾਂ ਇਹ ਲੋਕਾਂ ਲਈ ਪਰੇਸ਼ਾਨੀ ਅਤੇ ਖ਼ਤਰੇ ਦਾ ਕਾਰਨ ਬਣ ਜਾਂਦੇ ਹਨ। ਪਿੰਡ ਵਾਸੀਆਂ ਨੇ ਵੀ ਏਜੰਸੀ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਜਲਦ ਮੁਰੰਮਤ ਦੀ ਮੰਗ ਕੀਤੀ ਹੈ। ਡਾ. ਗੁਰਚਰਨ ਭਗਤੂਆਣਾ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਅਤੇ ਉਪ ਮੰਡਲ ਮੈਜਿਸਟਰੇਟ ਜੈਤੋ ਵਿਕਰਮਜੀਤ ਬਾਂਸਲ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਅਣਗਹਿਲੀ ਵਰਤਣ ਵਾਲੀ ਏਜੰਸੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੁੱਟੀਆਂ ਗਲੀਆਂ ਅਤੇ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ।