- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਜਮੀਨ ਨੀਤੀ ਨੂੰ ਤੁਰੰਤ ਰੱਦ ਕਰੇ ਪੰਜਾਬ ਸਰਕਾਰ : ਇਯਾਲੀ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਲੈਂਡ ਪੂਲਿੰਗ ਪਾਲਿਸੀ ਦਾ ਸਖਤ ਵਿਰੋਧ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਰਕਾਰ ਨੂੰ ਪ੍ਰਾਪਰਟੀ ਡੀਲਰਾਂ ਵਾਂਗ ਆਪਣੇ ਮੁਨਾਫੇ ਬਾਰੇ ਸੋਚਣ ਦੀ ਬਜਾਏ ਪੰਜਾਬ ਦੀ ਉੱਨਤੀ ਲਈ ਕੰਮ ਕਰਨਾ ਚਾਹੀਦਾ ਹੈ। ਪ੍ਰੈਸ ਨੋਟ ਜਾਰੀ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਅੰਦਰ ਕਤਲੋ ਗਾਰਦ, ਗੁੰਡਾਗਰਦੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ ਤੇ ਹੁਣ ਹਰ ਕੋਈ ਦਿਨ ਸਮੇਂ ਵੀ ਘਰੋਂ ਨਿਕਲਣ ਲੱਗਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਅਤੇ ਸ਼ਾਂਤਮਈ ਜਿੰਦਗੀ ਯਕੀਨੀ ਬਣਾਉਣ ਦੀ ਬਜਾਏ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਹੈ। ਇਯਾਲੀ ਨੇ ਕਿਹਾ ਕਿ ਪੰਜਾਬ ਦੀ ਆਬਾਦੀ ਦੀ ਵਾਧਾ ਦਰ ਏਨੀ ਨਹੀਂ, ਜਿਸ ਦੀ ਵੱਸੋਂ ਲਈ ਨਵੀਆਂ ਕਾਲੋਨੀਆਂ ਵਸਾਉਣ ਦੀ ਜਰੂਰਤ ਹੋਵੇ। ਜਿਸ ਲਈ ਸਰਕਾਰ ਨੂੰ ਕਿਸਾਨਾਂ ਤੋਂ ਵਾਹੀਯੋਗ ਜਮੀਨ ਖੋਹ ਕੇ ਕੰਕਰੀਟ ਦੇ ਜੰਗਲ ਉਸਾਰਨ ਦੀ ਕੋਈ ਲੋੜ ਨਹੀਂ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਨੂੰ ਖੇਤੀ ਆਧਾਰਿਤ ਉਦਯੋਗਾਂ ਦੀ ਸਖਤ ਜਰੂਰਤ ਹੈ। ਜਿਸ ਨਾਲ ਪੰਜਾਬ ਦੀ ਆਰਥਿਕਤਾ ਤਾਂ ਮਜ਼ਬੂਤ ਹੋਵੇਗੀ ਹੀ, ਸਗੋਂ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਜੇ ਲੋਕਾਂ ਕੋਲ ਵਧੀਆ ਆਰਥਿਕ ਸਾਧਨ ਹੋਣ ਤਾਂ ਉਹ ਆਪਣੇ ਰਹਿਣ ਦਾ ਇੰਤਜ਼ਾਮ ਖੁਦ ਵਧੀਆ ਤਰੀਕੇ ਨਾਲ ਕਰ ਲੈਂਦੇ ਹਨ। ਇਸ ਲਈ ਸਰਕਾਰ ਨੂੰ ਲੋਕਾਂ ਦੀ ਵਾਹੀਯੋਗ ਜਮੀਨ ਹੜੱਪ ਕੇ ਡਿਵੈਲਪਮੈਂਟ ਦੇ ਨਾਂ ਤੇ ਵੱਧ ਭਾਅ ਤੇ ਮੁਨਾਫਾਖੋਰੀ ਨਹੀਂ ਕਰਨੀ ਚਾਹੀਦੀ। ਸਰਕਾਰਾਂ ਦਾ ਕੰਮ ਲੋਕਾਂ ਲਈ ਰੁਜ਼ਗਾਰ ਦੇ ਪੱਕੇ ਸਾਧਨ ਪੈਦਾ ਕਰਨਾ ਹੁੰਦਾ ਹੈ, ਨਾ ਕਿ ਲਾਲਚ ਦੇ ਕੇ ਉਹਨਾਂ ਦੀਆਂ ਜਮੀਨਾਂ ਹੜੱਪਣਾ ਅਤੇ ਉਹਨਾਂ ਨੂੰ ਮੰਦਹਾਲੀ ਵੱਲ ਧੱਕਣਾ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਬੇਢੰਗੇ ਤਰੀਕੇ ਨਾਲ ਵਧਾਏ ਜਾ ਰਹੇ ਸ਼ਹਿਰਾਂ ਵਿੱਚ ਪਹਿਲਾਂ ਹੀ ਸਹੂਲਤਾਂ ਪੱਖੋਂ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਪੀਣ ਵਾਲੇ ਪਾਣੀ, ਸੀਵਰੇਜ ਅਤੇ ਬਿਜਲੀ ਸਪਲਾਈ ਦਾ ਏਨਾ ਬੁਰਾ ਹਾਲ ਹੈ ਕਿ ਲੋਕ ਮਹਿੰਗੇ ਮਕਾਨ ਖਰੀਦ ਕੇ ਵੀ ਨਰਕ ਵਰਗੀ ਜਿੰਦਗੀ ਜੀ ਰਹੇ ਹਨ। ਫਿਰ ਕਿਸਾਨਾਂ ਦੀਆਂ ਇਹ ਜਮੀਨਾਂ ਖੋਹ ਕੇ ਸਰਕਾਰ ਕਿਹੜੇ ਸਵਰਗ ਦੀ ਉਸਾਰੀ ਕਰਨਾ ਚਾਹੁੰਦੀ ਹੈੈ। ਸਰਕਾਰ ਵਿੱਚ ਵਿਚਰ ਰਹੇ ਸਾਰੇ ਲੋਕ ਪੰਜਾਬ ਦੇ ਹੀ ਪੁਤਰ ਹਨ, ਇਸ ਲਈ ਉਹਨਾਂ ਨੂੰ ਭੂਮੀ ਮਾਫੀਆ ਦੇ ਸੰਦ ਬਣਨ ਦੀ ਬਜਾਏ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ। ਵਿਧਾਇਕ ਨੇ ਨਵੀਂ ਜਮੀਨ ਨੀਤੀ ਨੂੰ ਰੱਦ ਕਰਕੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।