ਪੰਜਾਬ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰ ਕੇ ਨਵਾਂ ਇਤਿਹਾਸ ਸਿਰਜਿਆ : ਸਪੀਕਰ ਸੰਧਵਾਂ ਪੰਜਾਬ ਸਰਕਾਰ ਨੇ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਨਵਾਂ ਇਤਿਹਾਸ ਸਿਰਜਿਆ: ਸਪੀਕਰ ਸੰਧਵਾਂ
Publish Date: Wed, 01 Jul 2026 04:49 PM (IST)
Updated Date: Wed, 01 Jul 2026 04:50 PM (IST)
- ‘ਮਾਵਾਂ-ਧੀਆਂ ਸਤਿਕਾਰ ਸਕੀਮ’ ਨਾਲ ਔਰਤਾਂ ਨੂੰ ਮਿਲੇਗਾ ਆਰਥਿਕ ਸਸ਼ਕਤੀਕਰਨ ਦਾ ਵੱਡਾ ਆਧਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਗਮ ਪੈਲੇਸ ਫ਼ਰੀਦਕੋਟ ਰੋਡ ਕੋਟਕਪੂਰਾ ਵਿਖੇ ‘ਮਾਵਾਂ-ਧੀਆਂ ਸਤਿਕਾਰ ਸਕੀਮ’ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਮਾਵਾਂ ਅਤੇ ਧੀਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਤਿਕਾਰ ਨੂੰ ਹੋਰ ਮਜ਼ਬੂਤ ਕਰੇਗੀ। ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਸਕੀਮ ਲਈ ਪਿਛਲੇ ਕਈ ਮਹੀਨਿਆਂ ਤੋਂ ਯੋਗ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਸੀ ਅਤੇ ਅੱਜ ਤੋਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਰਾਸ਼ੀ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਯੋਗ ਔਰਤਾਂ ਨੂੰ ਨਿਰਧਾਰਿਤ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਅਜਿਹੀਆਂ ਸਕੀਮਾਂ ਸਮਾਜ ਵਿੱਚ ਚੰਗੀ ਤਬਦੀਲੀ ਲਿਆਉਂਦੀਆਂ ਹਨ ਅਤੇ ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਨੂੰ ਬੰਦ ਕਰਨਾ ਕਿਸੇ ਵੀ ਸਰਕਾਰ ਲਈ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਸਕੀਮ’ ਸੂਬੇ ਦੀਆਂ ਲੱਖਾਂ ਔਰਤਾਂ ਲਈ ਆਰਥਿਕ ਸੁਰੱਖਿਆ ਅਤੇ ਸਨਮਾਨ ਦਾ ਨਵਾਂ ਅਧਿਆਇ ਸਾਬਤ ਹੋਵੇਗੀ। ਇਸ ਮੌਕੇ ਗੁਰਪ੍ਰੀਤ ਕੌਰ ਪਤਨੀ ਸਪੀਕਰ ਸੰਧਵਾਂ, ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ, ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਬੀਸੀ ਵਿੰਗ ਪੰਜਾਬ, ਪ੍ਰਿਸ ਬਹਿਲ ਜ਼ਿਲ੍ਹਾ ਸੈਕਟਰੀ ਯੂਥ ਵਿੰਗ, ਅਰੁਣ ਸਿੰਗਲਾ, ਗੈਰੀ ਵੜਿੰਗ ਪ੍ਰਧਾਨ ਨਗਰ ਕੌਂਸਲ, ਸੁਖਜਿੰਦਰ ਸਿੰਘ ਤੱਖੀ ਵਾਈਸ ਪ੍ਰਧਾਨ ਨਗਰ ਕੌਂਸਲ, ਅਮਨਦੀਪ ਸਿੰਘ, ਜਲੌਰ ਸਿੰਘ ਸਰਪੰਚ, ਸ਼ਰਨਜੀਤ ਸਿੰਘ ਸਰਪੰਚ, ਹਰਪ੍ਰੀਤ ਮਢਾਕ, ਮੇਹਰ ਸਿੰਘ ਚਾਨੀ ਬਲਾਕ ਪ੍ਰਧਾਨ, ਮਨਤਾਰ ਮੱਕੜ ਪ੍ਰਧਾਨ ਤੋਂ ਇਲਾਵਾ ਕੋਟਕਪੂਰਾ ਦੇ ਸਮੂਹ ਐੱਮਸੀ ਅਤੇ ਪ੍ਰਧਾਨ ਹਾਜ਼ਰ ਸਨ।