- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਦੀਪ ਸਿੰਗਲਾ ਨੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਸਮਾਜ ਸੇਵਾ, ਮਨੁੱਖਤਾ ਦੀ ਭਲਾਈ ਅਤੇ ਲੋਕ ਹਿੱਤ ਦੇ ਕਾਰਜਾਂ ਲਈ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੀ ਲਗਭਗ ਤਿੰਨ ਦਹਾਕਿਆਂ ਤੋਂ ਵੱਧ ਪੁਰਾਣੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਜੈਤੋ ਗੰਗਸਰ ਦੀ ਨਵੀਂ ਕਾਰਜਕਾਰਨੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਇਸ ਤਹਿਤ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸਾਬਕਾ ਡਾਇਰੈਕਟਰ ਅਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਉਪ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਦੀ ਨਿਯੁਕਤੀ ਦਾ ਕਲੱਬ ਦੇ ਸਮੂਹ ਮੈਂਬਰਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਭਰਵਾਂ ਸਵਾਗਤ ਕੀਤਾ ਅਤੇ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ। ਸਥਾਨਕ ਪੱਧਰ ’ਤੇ ਕਰਵਾਏ ਗਏ ਸ਼ਾਨਦਾਰ ਸਹੁੰ-ਚੁੱਕ ਅਤੇ ਅਹੁਦਾ ਸੰਭਾਲ ਸਮਾਗਮ ਦੌਰਾਨ ਮੌਜੂਦਾ ਪ੍ਰਧਾਨ ਕੁਲਭੂਸ਼ਣ ਮਹੇਸ਼ਵਰੀ ‘ਜੱਟਾ’ ਨੇ ਫੁੱਲਾਂ ਦਾ ਹਾਰ ਪਾ ਕੇ ਅਤੇ ਰਸਮੀ ਤੌਰ ’ਤੇ ਕਾਰਜਭਾਰ ਸੌਂਪਦਿਆਂ ਪ੍ਰਦੀਪ ਸਿੰਗਲਾ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਨਵੀਂ ਲੀਡਰਸ਼ਿਪ ’ਤੇ ਭਰੋਸਾ ਪ੍ਰਗਟਾਉਂਦਿਆਂ ਵਿਸ਼ਵਾਸ ਜਤਾਇਆ ਕਿ ਪ੍ਰਦੀਪ ਸਿੰਗਲਾ ਦੀ ਅਗਵਾਈ ਹੇਠ ਕਲੱਬ ਸਮਾਜ ਸੇਵਾ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਇਸ ਮੌਕੇ ਨਵੀਂ ਕਾਰਜਕਾਰਨੀ ਦੇ ਹੋਰ ਅਹੁਦੇਦਾਰਾਂ ਨੇ ਵੀ ਆਪਣੇ-ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲਿਆ। ਮਨੂ ਵਰਮਾ ‘ਮੰਟੂ’ ਨੇ ਸਕੱਤਰ, ਜੀਵਨ ਗਰਗ ‘ਰਿੰਕੂ’ ਨੇ ਖ਼ਜ਼ਾਨਚੀ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਠੇਕੇਦਾਰ ਸ਼ਕਤੀ ਮਿੱਤਲ ਨੇ ਕਲੱਬ ਐਡਮਿਨਿਸਟ੍ਰੇਟਰ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ। ਨਵੇਂ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਟੀਮ ਭਾਵਨਾ ਨਾਲ ਕੰਮ ਕਰਦਿਆਂ ਕਲੱਬ ਦੇ ਉਦੇਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣਗੇ। ਕਲੱਬ ਦੇ ਜਨ ਸੰਪਰਕ ਅਧਿਕਾਰੀ (ਪੀ.ਆਰ.ਓ.) ਸੰਜੀਵ ਸ਼ਰਮਾ ‘ਟੀਨੂ’ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਰਾਕੇਸ਼ ਰੋਮਾਣਾ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਨਵੀਂ ਕਾਰਜਕਾਰਨੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਇਸ ਮੌਕੇ ਦਿਨੇਸ਼ ਗੋਇਲ, ਧਰਮਪਾਲ ਸਿੰਗਲਾ ਅਤੇ ਸ਼ਿਵ ਬਾਂਸਲ ਨੂੰ ਉਪ ਪ੍ਰਧਾਨ, ਸੰਜੀਵ ਸ਼ਰਮਾ ‘ਟੀਨੂ’ ਨੂੰ ਪੀ.ਆਰ.ਓ., ਵਿਨੀਤ ਕੁਮਾਰ ‘ਆਸ਼ੂ ਮਿੱਤਲ’ ਨੂੰ ਸਹਾਇਕ ਸਕੱਤਰ, ਪੰਕਜ ਸ਼ਰਮਾ ਨੂੰ ਸਹਾਇਕ ਖ਼ਜ਼ਾਨਚੀ, ਗਣੇਸ਼ ਜੈਨ ਨੂੰ ਟੇਮਰ, ਵਿਨੇ ਬਾਂਸਲ ਨੂੰ ਟੇਲ ਟਵਿਸਟਰ ਅਤੇ ਨਰੇਸ਼ ਮਿੱਤਲ ਨੂੰ ਆਈ ਕੈਂਪ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਕਲੱਬ ਦੇ ਬੋਰਡ ਆਫ਼ ਡਾਇਰੈਕਟਰ ਵਿੱਚ ਰਾਕੇਸ਼ ਰੋਮਾਣਾ, ਪ੍ਰਦੀਪ ਭੂਸ਼ਣ ਗੋਇਲ, ਕ੍ਰਿਸ਼ਨ ਗੋਪਾਲ ਬਾਂਸਲ, ਨਰੇਸ਼ ਗਰਗ, ਭੂਸ਼ਣ ਰੋਮਾਣਾ, ਰਾਜੇਸ਼ ਜਿੰਦਲ, ਮਨੇਸ਼ ਗੋਇਲ, ਰਾਮ ਅਵਤਾਰ ਵਰਮਾ, ਸਪਨ ਕੋਠਾਰੀ ਅਤੇ ਪੁਰਸ਼ੋੱਤਮ ਸਿੰਗਲਾ ਨੂੰ ਸ਼ਾਮਲ ਕਰਦਿਆਂ ਸੰਸਥਾ ਦੀਆਂ ਵੱਖ-ਵੱਖ ਕਮੇਟੀਆਂ ਅਤੇ ਸਮਾਜ ਸੇਵਾ ਨਾਲ ਸਬੰਧਤ ਪ੍ਰਾਜੈਕਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫ਼ੈਸਲਾ ਵੀ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਸਿਹਤ, ਸਿੱਖਿਆ, ਵਾਤਾਵਰਨ ਸੰਭਾਲ, ਖੂਨਦਾਨ, ਅੱਖਾਂ ਜਾਂਚ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਹੋਰ ਵੱਡੇ ਪੱਧਰ ’ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਣਗੇ। ਅਹੁਦਾ ਸੰਭਾਲਣ ਉਪਰੰਤ ਆਪਣੇ ਸੰਬੋਧਨ ਵਿੱਚ ਨਵੇਂ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਲੱਬ ਦੀ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸਮਾਜ ਸੇਵਾ ਦੀ ਸ਼ਾਨਦਾਰ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਸਹਾਇਤਾ, ਮੁਫ਼ਤ ਸਿਹਤ ਅਤੇ ਅੱਖਾਂ ਜਾਂਚ ਕੈਂਪ, ਵਾਤਾਵਰਨ ਸੁਰੱਖਿਆ ਲਈ ਬੂਟੇ ਲਗਾਉਣ, ਸਿੱਖਿਆ ਪ੍ਰੋਤਸਾਹਨ ਅਤੇ ਸਮਾਜ ਭਲਾਈ ਦੇ ਹੋਰ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੂਰੀ ਟੀਮ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਜੈਤੋ ਗੰਗਸਰ ਨੂੰ ਡਿਸਟ੍ਰਿਕਟ ਅਤੇ ਮਲਟੀਪਲ ਪੱਧਰ ’ਤੇ ਸਰਵੋੱਚ ਐਵਾਰਡ ਹਾਸਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਜ਼ੋਨ ਚੇਅਰਮੈਨ ਸੰਦੀਪ ਜਿੰਦਲ, ਡਿਸਟ੍ਰਿਕਟ 321-ਐੱਫ ਦੇ ਅਧਿਕਾਰੀ ਪਰਵੀਨ ਜਿੰਦਲ ਅਤੇ ਰਮੇਸ਼ ਵਰਮਾ ਨੇ ਨਵੇਂ ਪ੍ਰਧਾਨ ਪ੍ਰਦੀਪ ਸਿੰਗਲਾ ਸਮੇਤ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਵੀਂ ਟੀਮ ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਕਲੱਬ ਦੇ ਸੀਨੀਅਰ ਅਤੇ ਨੌਜਵਾਨ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੈਂਬਰਾਂ ਨੇ ਨਵੀਂ ਕਾਰਜਕਾਰਨੀ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕਰਦਿਆਂ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਅੰਤ ਵਿੱਚ ਸਮਾਗਮ ਦੌਰਾਨ ਸਮੂਹ ਮੈਂਬਰਾਂ ਨੇ ਸੰਸਥਾ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਬੁਲੰਦੀਆਂ ਤੱਕ ਲਿਜਾਣ ਦਾ ਸੰਕਲਪ ਲੈਂਦਿਆਂ ਨਵੀਂ ਟੀਮ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।