- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਜੈਤੋ ’ਚ ਕਾਂਗਰਸ ਟਿਕਟ ਲਈ ਵਧੀ ਸਿਆਸੀ ਖਿੱਚੋਤਾਣ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਜੈਤੋ ਵਿੱਚ ਭਵਿੱਖ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਹਲਕੇ ਵਿੱਚ ਆਪਣੀਆਂ ਗਤੀਵਿਧੀਆਂ ਵਧਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਈ ਸੀਨੀਅਰ ਅਤੇ ਤਜਰਬੇਕਾਰ ਆਗੂਆਂ ਨੇ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਕਾਂਗਰਸ ਦੀ ਟਿਕਟ ਦੇ ਸੰਭਾਵੀ ਦਾਅਵੇਦਾਰਾਂ ਵਿੱਚ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਹਲਕਾ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਫ਼ਰੀਦਕੋਟ ਲੋਕ ਸਭਾ ਹਲਕੇ ਦੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਦੀ ਬੇਟੀ ਬੀਬਾ ਜਾਵੇਦ ਅਖਤਰ ਧਰਮਪਤਨੀ ਸੂਰਜ ਭਾਰਦਵਾਜ, ਦਰਸ਼ਨ ਸਿੰਘ ਸਹੋਤਾ ਫ਼ਰੀਦਕੋਟ, ਬਲਵਿੰਦਰ ਸਿੰਘ ‘ਲਵਲੀ ਭੱਟੀ’ ਫ਼ਰੀਦਕੋਟ ਅਤੇ ਐਡਵੋਕੇਟ ਅਵਤਾਰ ਸਿੰਘ ਸੰਧਵਾਂ ਦੇ ਨਾਮ ਪ੍ਰਮੁੱਖ ਤੌਰ ’ਤੇ ਚਰਚਾ ਵਿੱਚ ਹਨ। ਟਿਕਟ ਦੀ ਦੌੜ ਵਿੱਚ ਸ਼ਾਮਲ ਆਗੂਆਂ ਵੱਲੋਂ ਹਲਕੇ ਵਿੱਚ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਸੰਪਰਕ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਮੀਟਿੰਗਾਂ, ਨਿੱਜੀ ਮਿਲਣੀਆਂ ਅਤੇ ਵਰਕਰਾਂ ਨਾਲ ਵਿਚਾਰ-ਵਟਾਂਦਰੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਲਕਾ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਜੈਤੋ ਤੋਂ ਚੋਣ ਲੜ ਚੁੱਕੇ ਹਨ। ਭਾਵੇਂ ਉਹ ਚੋਣ ਜਿੱਤ ਨਹੀਂ ਸਕੇ, ਪਰ ਇਸ ਤੋਂ ਬਾਅਦ ਵੀ ਉਹ ਹਲਕੇ ਵਿੱਚ ਲਗਾਤਾਰ ਸਰਗਰਮ ਰਹੇ ਹਨ ਅਤੇ ਵਰਕਰਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਿਆ ਹੈ। ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਹਲਕੇ ਦੀ ਸਿਆਸਤ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜੈਤੋ ਤੋਂ ਵਿਧਾਇਕ ਚੁਣੇ ਗਏ ਸਨ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਹੁਣ ਟਿਕਟ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਗਿਣੇ ਜਾ ਰਹੇ ਹਨ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦਾ ਵੀ ਜੈਤੋ ਹਲਕੇ ਵਿੱਚ ਲੰਮਾ ਸਿਆਸੀ ਤਜਰਬਾ ਰਿਹਾ ਹੈ। ਉਹ ਸਾਲ 2002 ਵਿੱਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਬਾਅਦ ਵਿੱਚ ਉਹ 2012 ਤੋਂ 2017 ਤੱਕ ਹਲਕਾ ਜੈਤੋ ਦੇ ਇੰਚਾਰਜ ਵੀ ਰਹੇ। ਸਾਲ 2017 ਵਿੱਚ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਉਪਰੰਤ ਉਹ ਸ਼ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਏ ਸਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ। ਸਾਲ 2024 ਵਿੱਚ ਉਹ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਇਸ ਸਮੇਂ ਜੈਤੋ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਜੈਤੋ ਹਲਕਾ ਇੰਚਾਰਜ ਵਜੋਂ ਪ੍ਰਕਾਸ਼ ਸਿੰਘ ਭੱਟੀ ਵੱਲੋਂ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਯਤਨ ਕੀਤੇ ਜਾਣ ਦਾ ਦਾਅਵਾ ਕੀਤਾਂ ਜਾਂਦਾ ਰਿਹਾ ਹੈ। ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਕਈ ਉਪਰਾਲੇ ਕੀਤੇ ਗਏ। ਲੋਕਾਂ ਵਿੱਚ ਉਨ੍ਹਾਂ ਦੀ ਪਛਾਣ ਇੱਕ ਲੋਕਾਂ ਨਾਲ ਜੁੜੇ ਆਗੂ ਵਜੋਂ ਬਣੀ ਹੋਈ ਹੈ। ਉਨ੍ਹਾਂ ਵੱਲੋਂ ਹਮੇਸ਼ਾਂ ਆਪਸੀ ਵਿਵਾਦਾਂ ਨੂੰ ਗੱਲਬਾਤ ਅਤੇ ਸਹਿਮਤੀ ਰਾਹੀਂ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ। ਬੀਬਾ ਜਾਵੇਦ ਅਖ਼ਤਰ ਦਾ ਨਾਮ ਵੀ ਕਾਂਗਰਸ ਦੀ ਟਿਕਟ ਲਈ ਚਰਚਾ ਵਿੱਚ ਹੈ। ਉਨ੍ਹਾਂ ਦੀ ਸੰਭਾਵੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਵਿਚਾਰ-ਵਟਾਂਦਰਾ ਜਾਰੀ ਹੈ। ਉਨ੍ਹਾਂ ਨੂੰ ਆਪਣੇ ਪਿਤਾ ਸਾਬਕਾ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ ਦੀ ਸਿਆਸੀ ਵਿਰਾਸਤ ਦਾ ਵੀ ਲਾਭ ਮਿਲ ਸਕਦਾ ਹੈ। ਜਨਾਬ ਮੁਹੰਮਦ ਸਦੀਕ ਨੇ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਹਲਕਾ ਜੈਤੋ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 2021 ਦੀਆਂ ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਦੀ ਕਾਰਗੁਜ਼ਾਰੀ ਵਿੱਚ ਵੀ ਯੋਗਦਾਨ ਪਾਇਆ ਸੀ। ਅੱਜ ਵੀ ਉਨ੍ਹਾਂ ਨੂੰ ਹਲਕੇ ਵਿੱਚ ਵਿਆਪਕ ਸਤਿਕਾਰ ਮਿਲਦਾ ਹੈ। ਬੀਬਾ ਜਾਵੇਦ ਅਖ਼ਤਰ, ਉਨ੍ਹਾਂ ਦੇ ਪਤੀ ਸੂਰਜ ਭਾਰਦਵਾਜ ਅਤੇ ਸੰਜੀਵ ਭਾਰਦਵਾਜ ‘ਰਾਜਾ’ ਵੀ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਸੁੱਖ-ਦੁੱਖ ਵਿੱਚ ਸ਼ਰੀਕ ਹੁੰਦੇ ਹਨ। ਐਡਵੋਕੇਟ ਅਵਤਾਰ ਸਿੰਘ ਸੰਧਵਾਂ ਦਾ ਨਾਮ ਵੀ ਕਾਫ਼ੀ ਚਰਚਾ ਵਿੱਚ ਹੈ। ਉਹ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਜ਼ੋਨ ਸੰਧਵਾਂ ਤੋਂ ਆਪਣੀ ਧਰਮਪਤਨੀ ਐਡਵੋਕੇਟ ਗੁਰਬਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਸਮਰਥਿਤ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਖੇਤਰ ਵਿੱਚ ਉਨ੍ਹਾਂ ਦੀ ਸਿਆਸੀ ਪਛਾਣ ਅਤੇ ਪ੍ਰਭਾਵ ਹੋਰ ਮਜ਼ਬੂਤ ਹੋਇਆ ਹੈ। ਦਰਸ਼ਨ ਸਿੰਘ ਸਹੋਤਾ ਫ਼ਰੀਦਕੋਟ ਅਤੇ ਬਲਵਿੰਦਰ ਸਿੰਘ ‘ਲਵਲੀ ਭੱਟੀ’ ਫ਼ਰੀਦਕੋਟ ਵੀ ਟਿਕਟ ਦੀ ਦੌੜ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਜੈਤੋ ਹਲਕੇ ਲਈ ਚੁਣਿਆ ਜਾਣ ਵਾਲਾ ਉਮੀਦਵਾਰ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਰਣਨੀਤੀ ਲਈ ਅਹਿਮ ਭੂਮਿਕਾ ਨਿਭਾਏਗਾ। ਇਸ ਕਾਰਨ ਸਾਰਿਆਂ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਉੱਧਰ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵਿੱਚ ਵੀ ਉਮੀਦਵਾਰ ਦੇ ਐਲਾਨ ਨੂੰ ਲੈ ਕੇ ਉਤਸੁਕਤਾ ਵਧਦੀ ਜਾ ਰਹੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਜਲਦ ਤੋਂ ਜਲਦ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਚੋਣ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕੇ ਅਤੇ ਹਲਕੇ ਵਿੱਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਬਣਾਈ ਜਾ ਸਕੇ।