- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਬਾਹਰਲੇ ਅਤੇ ਖੁੱਲ੍ਹੇ ਖਾਣੇ ਤੋਂ ਕਰੋ ਪਰਹੇਜ਼ : ਐੱਸਐੱਮਓ ਡਾ. ਵਰਿੰਦਰ ਕੁਮਾਰ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਬਰਸਾਤ ਦਾ ਮੌਸਮ ਭਾਵੇਂ ਤਪਦੀ ਗਰਮੀ ਤੋਂ ਰਾਹਤ ਦਿੰਦਾ ਹੈ, ਪਰ ਇਸ ਦੇ ਨਾਲ ਕਈ ਮੌਸਮੀ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਮੌਸਮ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਲਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਵਧਾਨੀ, ਸਫ਼ਾਈ ਅਤੇ ਸਹੀ ਖਾਣ-ਪੀਣ ਦੀਆਂ ਆਦਤਾਂ ਅਪਣਾਉਣਾ ਬਹੁਤ ਜ਼ਰੂਰੀ ਹੈ। ਇਹ ਪ੍ਰਗਟਾਵਾ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਲੋਕਾਂ ਨੂੰ ਮੌਨਸੂਨ ਦੌਰਾਨ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਮੌਸਮੀ ਫਲੂ, ਵਾਇਰਲ ਬੁਖਾਰ, ਦਸਤ, ਟਾਈਫਾਇਡ, ਹੈਜ਼ਾ, ਪੀਲੀਆ ਅਤੇ ਹੋਰ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਸਿਰਫ਼ ਸਾਫ਼ ਅਤੇ ਉਬਾਲਿਆ ਜਾਂ ਫਿਲਟਰ ਕੀਤਾ ਪਾਣੀ ਹੀ ਪੀਣਾ ਚਾਹੀਦਾ ਹੈ ਅਤੇ ਖਾਣ-ਪੀਣ ਸਬੰਧੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸਰੀਰ ਦੀ ਪਾਚਨ ਕਿਰਿਆ ਮੁਕਾਬਲਤਨ ਹੌਲੀ ਹੋ ਸਕਦੀ ਹੈ, ਜਿਸ ਕਾਰਨ ਭਾਰੀ, ਤਲਿਆ-ਭੁੰਨਿਆ ਅਤੇ ਗੈਰ-ਸਾਫ਼ ਭੋਜਨ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਜੰਕ ਫੂਡ, ਖੁੱਲ੍ਹੇ ਵਿੱਚ ਵਿਕਣ ਵਾਲੇ ਖਾਣੇ ਅਤੇ ਸਟਰੀਟ ਫੂਡ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ’ਤੇ ਸਫ਼ਾਈ ਦੇ ਮਿਆਰ ਹਰ ਵੇਲੇ ਯਕੀਨੀ ਨਹੀਂ ਹੁੰਦੇ, ਜਿਸ ਕਾਰਨ ਬੈਕਟੀਰੀਆ ਅਤੇ ਹੋਰ ਹਾਨੀਕਾਰਕ ਜੀਵਾਣੂਆਂ ਰਾਹੀਂ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਤਾਜ਼ਾ, ਸਾਫ਼ ਅਤੇ ਪੂਰੀ ਤਰ੍ਹਾਂ ਪਕਾਇਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਹੈ। ਜੇਕਰ ਬਾਹਰ ਖਾਣਾ ਲਾਜ਼ਮੀ ਹੋਵੇ ਤਾਂ ਸਿਰਫ਼ ਸਾਫ਼-ਸੁਥਰੀ ਅਤੇ ਭਰੋਸੇਯੋਗ ਥਾਂ ਦੀ ਹੀ ਚੋਣ ਕੀਤੀ ਜਾਵੇ। ਡਾ. ਵਰਿੰਦਰ ਕੁਮਾਰ ਨੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਸਬੰਧੀ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ’ਤੇ ਬੈਕਟੀਰੀਆ ਅਤੇ ਹੋਰ ਸੂਖਮ ਜੀਵਾਣੂ ਵੱਧ ਮਾਤਰਾ ਵਿੱਚ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਫਲ ਜਾਂ ਸਬਜ਼ੀਆਂ ਖ਼ਰੀਦਦੇ ਸਮੇਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਹ ਕੱਟੇ, ਗਲੇ-ਸੜੇ ਜਾਂ ਖ਼ਰਾਬ ਨਾ ਹੋਣ। ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਗਲੇ ਦੀ ਇਨਫੈਕਸ਼ਨ, ਖੰਘ ਅਤੇ ਜ਼ੁਕਾਮ ਦੇ ਮਾਮਲੇ ਵੀ ਵੱਧ ਜਾਂਦੇ ਹਨ। ਇਸ ਲਈ ਬਹੁਤ ਠੰਢੇ ਪੀਣ ਵਾਲੇ ਪਦਾਰਥਾਂ, ਆਈਸਕ੍ਰੀਮ ਅਤੇ ਹੋਰ ਅਜਿਹੀਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਜੇ ਕਿਸੇ ਨੂੰ ਗਲੇ ਨਾਲ ਸਬੰਧਤ ਸਮੱਸਿਆ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਬਣਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ, ਮੱਛਰਾਂ ਤੋਂ ਬਚਾਅ ਲਈ ਲੋੜੀਂਦੇ ਉਪਾਅ ਅਪਣਾਉਣ ਅਤੇ ਜੇਕਰ ਬੁਖਾਰ, ਉਲਟੀਆਂ, ਦਸਤ ਜਾਂ ਹੋਰ ਕੋਈ ਗੰਭੀਰ ਲੱਛਣ ਨਜ਼ਰ ਆਉਣ ਤਾਂ ਘਰੇਲੂ ਇਲਾਜ ਦੀ ਬਜਾਏ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਡਾਕਟਰੀ ਸਲਾਹ ਲੈਣ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ, ਸੰਤੁਲਿਤ ਖੁਰਾਕ, ਸਾਫ਼ ਪਾਣੀ ਦੀ ਵਰਤੋਂ ਅਤੇ ਨਿੱਜੀ ਸਫ਼ਾਈ ਦੀਆਂ ਆਦਤਾਂ ਅਪਣਾ ਕੇ ਮੌਨਸੂਨ ਦੌਰਾਨ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਬਚਿਆ ਜਾ ਸਕਦਾ ਹੈ।