ਬਾਬਾ ਫਰੀਦ ਯੂਨੀਵਰਸਿਟੀ ’ਚ ਫ੍ਰੈਸ਼ਰਜ਼ ਪਾਰਟੀ ਦਾ ਸ਼ਾਨਦਾਰ ਆਗਾਜ਼ ਬਾਬਾ ਫਰੀਦ ਯੂਨੀਵਰਸਿਟੀ ’ਚ ਫ੍ਰੈਸ਼ਰਜ਼ ਪਾਰਟੀ ‘ਆਗਾਜ਼-ਏ-ਸਫ਼ਰ’ ਦਾ ਸ਼ਾਨਦਾਰ ਆਯੋਜਨ
Publish Date: Wed, 08 Jul 2026 05:35 PM (IST)
Updated Date: Thu, 09 Jul 2026 04:03 AM (IST)
‘ਆਗਾਜ਼-ਏ-ਸਫ਼ਰ’ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਅਧੀਨ ਚੱਲ ਰਹੇ ਯੂਨੀਵਰਸਿਟੀ ਇੰਸਟੀਚਿਊਟ ਆਫ ਐਲਾਇਡ ਐਂਡ ਹੈਲਥ ਕੇਅਰ ਸਾਇੰਸਿਜ਼ ਫਰੀਦਕੋਟ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਆਡੀਟੋਰੀਅਮ ਵਿੱਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਪਾਰਟੀ ‘ਆਗਾਜ਼-ਏ-ਸਫ਼ਰ’ ਬਹੁਤ ਹੀ ਉਤਸ਼ਾਹ, ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਖੁਸ਼ਗਵਾਰ ਮਾਹੌਲ ਵਿੱਚ ਆਯੋਜਿਤ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਸਨ। ਇਸ ਮੌਕੇ ਡਾ. ਰੋਹਿਤ ਚੋਪੜਾ, ਐਡੀਸ਼ਨਲ ਰਜਿਸਟਰਾਰ, ਡਾ. ਸੀਮਾ ਗਰੋਵਰ ਭੱਟੀ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ, ਡਾ. ਸੰਜੇ ਗੁਪਤਾ, ਸ਼੍ਰੀ ਸਮੀਰ ਕਾਂਤ ਆਹੂਜਾ, ਲਾਇਜ਼ਨ ਅਫ਼ਸਰ, ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਜੋਸ਼ੀਲੇ ਗਿੱਧੇ, ਭੰਗੜੇ ਅਤੇ ਹੋਰ ਮਨੋਰੰਜਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਮਿਸ ਬਲਰਾਜ ਕੌਰ ਨੂੰ ਮਿਸ ਫ੍ਰੈਸ਼ਰ 2026 ਅਤੇ ਮਨਪ੍ਰੀਤ ਸਿੰਘ ਨੂੰ ਮਿਸਟਰ ਫ੍ਰੈਸ਼ਰ 2026 ਦਾ ਖਿਤਾਬ ਦਿੱਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਜਸਬੀਰ ਕੌਰ, ਪ੍ਰਿੰਸੀਪਲ, ਯੂਨੀਵਰਸਿਟੀ ਇੰਸਟੀਚਿਊਟ ਆਫ ਐਲਾਇਡ ਐਂਡ ਹੈਲਥ ਕੇਅਰ ਸਾਇੰਸਿਜ਼ ਨੇ ਨਵੇਂ ਵਿਦਿਆਰਥੀਆਂ ਦਾ ਬਾਬਾ ਫਰੀਦ ਯੂਨੀਵਰਸਿਟੀ ਪਰਿਵਾਰ ਵਿੱਚ ਨਿੱਘਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮਰਪਣ, ਪੇਸ਼ੇਵਰ ਨੈਤਿਕਤਾ ਅਤੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐਲਾਇਡ ਐਂਡ ਹੈਲਥ ਕੇਅਰ ਸਾਇੰਸਿਜ਼ ਦੇ ਪੇਸ਼ੇਵਰ ਆਧੁਨਿਕ ਸਿਹਤ ਪ੍ਰਣਾਲੀ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ ਅਤੇ ਇਹ ਸੰਸਥਾ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ, ਪ੍ਰਯੋਗਾਤਮਕ ਸਿਖਲਾਈ ਅਤੇ ਵਿਅਕਤੀਗਤ ਵਿਕਾਸ ਲਈ ਹਰ ਸੰਭਵ ਮੌਕਾ ਪ੍ਰਦਾਨ ਕਰੇਗੀ। ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਅੱਜ ਦਾ ਦਿਨ ਨਵੇਂ ਵਿਦਿਆਰਥੀਆਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਉਨ੍ਹਾਂ ਨੇ ਅਜਿਹਾ ਪੇਸ਼ਾ ਚੁਣਿਆ ਹੈ ਜਿਸ ਦਾ ਮੂਲ ਉਦੇਸ਼ ਦੁਖੀ ਅਤੇ ਲੋੜਵੰਦ ਮਨੁੱਖਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਸਿਹਤ ਸੇਵਾਵਾਂ ਵਿੱਚ ਡਾਕਟਰਾਂ, ਨਰਸਾਂ ਅਤੇ ਐਲਾਇਡ ਹੈਲਥ ਕੇਅਰ ਪੇਸ਼ੇਵਰਾਂ ਦੀ ਭੂਮਿਕਾ ਇੱਕੋ ਜਿਹੀ ਮਹੱਤਵਪੂਰਨ ਹੈ ਅਤੇ ਇਹ ਸਾਰੇ ਮਿਲ ਕੇ ਬਿਹਤਰ ਮਰੀਜ਼ ਸੇਵਾ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਐਲਾਇਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ (N318P) ਦੇ ਗਠਨ ਨਾਲ 57 ਤੋਂ ਵੱਧ ਐਲਾਇਡ ਹੈਲਥ ਵਿਸ਼ੇਸ਼ਤਾਵਾਂ ਨੂੰ ਇੱਕਸਾਰ ਨਿਯਮਕ ਢਾਂਚੇ ਹੇਠ ਲਿਆਂਦਾ ਗਿਆ ਹੈ, ਜਿਸ ਨਾਲ ਦੇਸ਼ ਭਰ ਵਿੱਚ ਇਕਸਾਰ ਪਾਠਕ੍ਰਮ, ਗੁਣਵੱਤਾ-ਅਧਾਰਿਤ ਸਿਖਲਾਈ ਅਤੇ ਯੋਗਤਾ-ਅਧਾਰਿਤ ਸਿੱਖਿਆ ਨੂੰ ਬਲ ਮਿਲਿਆ ਹੈ। ਪ੍ਰੋ. ਸੂਦ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਆਧੁਨਿਕ ਸਕਿੱਲ ਲੈਬਾਂ, ਨਵੇਂ ਕੋਰਸਾਂ, ਉੱਨਤ ਤਕਨੀਕੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (19), ਨਵੀਆਂ ਤਕਨੀਕਾਂ, ਖੋਜ ਅਤੇ ਨਵੀਨਤਾ ਨੂੰ ਆਪਣੇ ਕਰੀਅਰ ਦਾ ਅਟੁੱਟ ਹਿੱਸਾ ਬਣਾਉਣ ਤਾਂ ਜੋ ਭਵਿੱਖ ਦੀਆਂ ਸਿਹਤ ਸੇਵਾਵਾਂ ਦੀਆਂ ਲੋੜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ, ਹੁਨਰ-ਅਧਾਰਿਤ ਅਤੇ ਖੋਜ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਯੂਨੀਵਰਸਿਟੀ ਦੇ ਹੱਬ ਐਂਡ ਸਪੋਕ ਮਾਡਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਰਾਹੀਂ ਪੰਜਾਬ ਭਰ ਵਿੱਚ ਗੁਣਵੱਤਾਪੂਰਨ ਸਿਖਲਾਈ ਅਤੇ ਸਕਿੱਲ ਡਿਵੈਲਪਮੈਂਟ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਆਪਸੀ ਸਹਿਯੋਗ, ਮਾਨਸਿਕ ਸਿਹਤ ਦੀ ਸੰਭਾਲ, ਅਧਿਆਪਕਾਂ ਦਾ ਸਤਿਕਾਰ ਅਤੇ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਆਦਤ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਦਿਆਰਥੀ ਹਰ ਰੋਜ਼ ਇੱਕ ਨਵੀਂ ਗੱਲ ਸਿੱਖਣ ਦਾ ਸੰਕਲਪ ਲਏ ਤਾਂ ਉਸ ਦਾ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਆਪਣੇ ਆਪ ਹੁੰਦਾ ਰਹੇਗਾ। ਉਨ੍ਹਾਂ ਸੀਨੀਅਰ ਵਿਦਿਆਰਥੀਆਂ ਵੱਲੋਂ ਕਰਵਾਏ ਗਏ ਸ਼ਾਨਦਾਰ ਸਮਾਗਮ ਦੀ ਸ਼ਲਾਘਾ ਕਰਦਿਆਂ ਨਵੇਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ, ਬਹੁ-ਹੁਨਰੀ ਯੋਗਤਾਵਾਂ ਅਤੇ ਮਨੁੱਖੀ ਮੁੱਲਾਂ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਵਿਦਿਆਰਥੀ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਬਾਬਾ ਫਰੀਦ ਯੂਨੀਵਰਸਿਟੀ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।