- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤਰ੍ਹਾਂ ਬਹੁਤ ਸਾਰੀਆਂ ਸੀਟਾਂ ਖਾਲੀ ਰਹਿ ਗਈਆਂ ਤੇ ਕਾਲਜਾਂ ਨੂੰ ਦੂਜੇ ਰਾਊਂਡ ਦੀ ਕਾਉਂਸਲਿੰਗ ਕਰਨੀ ਪਈ, ਪਰ ਇਸ ’ਚ ਵੀ ਉਮੀਦਵਾਰਾਂ ਦੀ ਗਿਣਤੀ ’ਚ ਕੋਈ ਖਾਸ ਸੁਧਾਰ ਨਹੀਂ ਹੋਇਆ।

ਦੇਵਾਨੰਦ ਸ਼ਰਮਾ, ਜਾਗਰਣ, ਫ਼ਰੀਦਕੋਟ : ਪੰਜਾਬ ਦੇ ਮੈਡੀਕਲ ਤੇ ਡੈਂਟਲ ਕਾਲਜਾਂ ’ਚ ਐੱਨਆਰਆਈ ਕੋਟੇ ਦੀਆਂ ਸੀਟਾਂ ਲਈ ਯੋਗ ਉਮੀਦਵਾਰਾਂ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਪਹਿਲੇ ਰਾਊਂਡ ਦੀ ਕਾਉਂਸਲਿੰਗ ਤੇ ਦਾਖ਼ਲਿਆਂ ਮਗਰੋਂ ਐੱਮਬੀਬੀਐੱਸ ਤੇ ਬੀਡੀਐੱਸ ਦੀਆਂ ਖਾਲੀ 381 ਐੱਨਆਰਆਈ ਕੋਟੇ ਦੀਆਂ ਸੀਟਾਂ ਲਈ ਸਿਰਫ ਛੇ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਖਾਲੀ ਸੀਟਾਂ ’ਚ 12 ਮੈਡੀਕਲ ਕਾਲਜਾਂ ਦੀਆਂ 167 ਐੱਨਆਰਆਈ ਕੋਟੇ ਦੀਆਂ ਐੱਮਬੀਬੀਐੱਸ ਸੀਟਾਂ ਤੇ ਸੂਬੇ ਦੇ 16 ਡੈਂਟਲ ਕਾਲਜਾਂ ਦੀਆਂ 214 ਬੀਡੀਐੱਸ ਸੀਟਾਂ ਸ਼ਾਮਲ ਹਨ।
ਪਹਿਲੇ ਰਾਊਂਡ ’ਚ ਵੀ ਐੱਨਆਰਆਈ ਕੋਟੇ ਦੀਆਂ ਸੀਟਾਂ ਨੂੰ ਲੈ ਕੇ ਬੇਹੱਦ ਘੱਟ ਰੁਚੀ ਦੇਖਣ ਨੂੰ ਮਿਲੀ ਸੀ। ਉਸ ਸਮੇਂ ਐੱਮਬੀਬੀਐੱਸ ਤੇ ਬੀਡੀਐੱਸ ਦੀਆਂ 431 ਐੱਨਆਰਆਈ ਕੋਟੇ ਦੀਆਂ ਸੀਟਾਂ ਲਈ ਸਿਰਫ 63 ਉਮੀਦਵਾਰ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਸਿਰਫ 50 ਉਮੀਦਵਾਰਾਂ ਨੇ ਦਾਖ਼ਲਾ ਲਿਆ, ਜਿਨ੍ਹਾਂ ਵਿਚੋਂ 47 ਨੇ ਐੱਮਬੀਬੀਐੱਸ ਤੇ 3 ਨੇ ਬੀਡੀਐੱਸ ’ਚ ਦਾਖ਼ਲਾ ਲਿਆ।
ਇਸ ਤਰ੍ਹਾਂ ਬਹੁਤ ਸਾਰੀਆਂ ਸੀਟਾਂ ਖਾਲੀ ਰਹਿ ਗਈਆਂ ਤੇ ਕਾਲਜਾਂ ਨੂੰ ਦੂਜੇ ਰਾਊਂਡ ਦੀ ਕਾਉਂਸਲਿੰਗ ਕਰਨੀ ਪਈ, ਪਰ ਇਸ ’ਚ ਵੀ ਉਮੀਦਵਾਰਾਂ ਦੀ ਗਿਣਤੀ ’ਚ ਕੋਈ ਖਾਸ ਸੁਧਾਰ ਨਹੀਂ ਹੋਇਆ। ਐੱਨਆਰਆਈ ਉਮੀਦਵਾਰ ਨੂੰ ਐੱਮਬੀਬੀਐੱਸ ਸੀਟ ਲਈ ਪੂਰੇ ਕੋਰਸ ਦੀ 1.10 ਲੱਖ ਅਮਰੀਕੀ ਡਾਲਰ ਤੇ ਬੀਡੀਐੱਸ ਸੀਟ ਲਈ 44,000 ਅਮਰੀਕੀ ਡਾਲਰ ਟਿਊਸ਼ਨ ਫੀਸ ਦੇਣੀ ਹੁੰਦੀ ਹੈ। ਇਹ ਫੀਸ ਮੈਨੇਜਮੈਂਟ ਤੇ ਸਰਕਾਰੀ ਕੋਟੇ ਦੀ ਫੀਸ ਨਾਲੋਂ ਕਾਫੀ ਵੱਧ ਹੈ। ਯੂਨੀਵਰਸਿਟੀ ਨੇ ਐੱਨਆਰਆਈ ਕੋਟੇ ਦੇ ਇੱਛੁਕ ਉਮੀਦਵਾਰਾਂ ਨੂੰ ਸਬੰਧਤ ਦੇਸ਼ ’ਚ ਸਥਿਤ ਭਾਰਤੀ ਰਾਜਨੀਤਿਕ ਮਿਸ਼ਨ ਦੁਆਰਾ ਜਾਰੀ ਕੀਤੇ ਗਏ ਅੰਬੈਸੀ ਸਰਟੀਫਿਕੇਟ ਨੂੰ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਪ੍ਰਮਾਣ ਪੱਤਰ ’ਚ ਇਹ ਪੁਸ਼ਟੀ ਹੋਣੀ ਚਾਹੀਦੀ ਹੈ ਕਿ ਜਿਹੜੇ ਮਾਪਿਆਂ ਦੇ ਐੱਨਆਰਆਈ ਸਟੇਟਸ ਦੇ ਆਧਾਰ 'ਤੇ ਸੀਟ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਦੇ ਕੋਲ ਵੈਧ ਪਾਸਪੋਰਟ ਹੈ, ਉਸ ਨੇ ਪਿਛਲੇ ਵਿੱਤੀ ਸਾਲ ’ਚ 182 ਦਿਨਾਂ ਤੋਂ ਵੱਧ ਸਮਾਂ ਵਿਦੇਸ਼ ’ਚ ਬਿਤਾਇਆ ਹੈ ਅਤੇ ਨਿਰਧਾਰਿਤ ਸਮੇਂ ਲਈ ਉਸ ਦਾ ਐੱਨਆਰਆਈ ਸਟੇਟਸ ਵੈਧ ਹੈ।