- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਮਲਾ ਦੇਵੀ ਗਰਗ ਸਰਬਸੰਮਤੀ ਨਾਲ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਬਣੇ, ਸ਼ਹਿਰ ਵਿੱਚ ਖੁਸ਼ੀ ਦੀ ਲਹਿਰ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਨਗਰ ਕੌਂਸਲ ਜੈਤੋ ਦੀ ਪ੍ਰਧਾਨ ਵਜੋਂ ਨਿਰਮਲਾ ਦੇਵੀ ਗਰਗ ਦੇ ਸਰਬਸੰਮਤੀ ਨਾਲ ਚੁਣੇ ਜਾਣ ਦੀ ਖੁਸ਼ੀ ਵਿੱਚ ਸੋਮਵਾਰ ਨੂੰ ਸਮੁੱਚਾ ਜੈਤੋ ਸ਼ਹਿਰ ਜਸ਼ਨ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ, ਸਮਰਥਕਾਂ, ਵਪਾਰੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਉਂਦਿਆਂ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਸਥਾਨਕ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਵਿੱਚ ਫੁੱਲਾਂ ਨਾਲ ਸਜਾਈ ਗਈ ਖੁੱਲ੍ਹੀ ਜੀਪ ਵਿੱਚ ਸਰਬਸੰਮਤੀ ਨਾਲ ਚੁਣੀ ਗਈ ਪ੍ਰਧਾਨ ਨਿਰਮਲਾ ਦੇਵੀ ਗਰਗ, ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਨਿਰਮਲਾ ਦੇਵੀ ਗਰਗ ਦੇ ਸਪੁੱਤਰ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਸਵਾਰ ਸਨ। ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਇਸ ਸਮੇਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ, ਪੰਜਾਬ ਕਰਿਆਨਾ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਜੈਤੋ ਇਕਾਈ ਦੇ ਪ੍ਰਧਾਨ, ਕਰਿਆਨਾ ਮਰਚੈਂਟਸ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਪੰਜਾਬ ਟਰੇਡ ਕਮਿਸ਼ਨ (ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ) ਵਿਧਾਨ ਸਭਾ ਹਲਕਾ ਜੈਤੋ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ, ਕੌਂਸਲਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ, ਚੌਕਾਂ ਅਤੇ ਪ੍ਰਮੁੱਖ ਮਾਰਗਾਂ ਵਿੱਚੋਂ ਲੰਘਿਆ। ਹਰ ਥਾਂ ਲੋਕਾਂ ਵੱਲੋਂ ਕਾਫ਼ਲੇ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰ ਵਾਸੀਆਂ, ਦੁਕਾਨਦਾਰਾਂ, ਸਮਾਜ ਸੇਵੀ ਸੰਸਥਾਵਾਂ, ਵਪਾਰਕ ਜਥੇਬੰਦੀਆਂ, ਪਾਰਟੀ ਆਗੂਆਂ ਅਤੇ ਵਰਕਰਾਂ ਨੇ ਨਿਰਮਲਾ ਦੇਵੀ ਗਰਗ ਨੂੰ ਫੁੱਲਾਂ ਦੇ ਹਾਰਾਂ ਅਤੇ ਨੋਟਾਂ ਦੇ ਹਾਰ ਪਾ ਕੇ ਵਧਾਈ ਦਿੱਤੀ। ਕਈ ਥਾਵਾਂ ’ਤੇ ਲੱਡੂਆਂ ਅਤੇ ਮਠਿਆਈਆਂ ਦੀ ਵੰਡ ਕਰਕੇ ਖੁਸ਼ੀ ਸਾਂਝੀ ਕੀਤੀ ਗਈ, ਜਦਕਿ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਢੋਲ ਦੀਆਂ ਗੂੰਜਦੀਆਂ ਥਾਪਾਂ ’ਤੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ਨਵ-ਨਿਯੁਕਤ ਪ੍ਰਧਾਨ ਨਿਰਮਲਾ ਦੇਵੀ ਗਰਗ, ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ, ਮਹਿਲਾਵਾਂ ਅਤੇ ਪਾਰਟੀ ਵਰਕਰਾਂ ਨੇ ਉਤਸ਼ਾਹ ਅਤੇ ਜੋਸ਼-ਖਰੋਸ਼ ਨਾਲ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਭਰਪੂਰ ਪ੍ਰਗਟਾਵਾ ਕੀਤਾ। ਪੂਰੇ ਰੋਡ ਸ਼ੋਅ ਦੌਰਾਨ ‘ਆਮ ਆਦਮੀ ਪਾਰਟੀ ਜ਼ਿੰਦਾਬਾਦ’ ਅਤੇ ‘ਨਿਰਮਲਾ ਦੇਵੀ ਗਰਗ ਜ਼ਿੰਦਾਬਾਦ’ ਦੇ ਨਾਅਰੇ ਗੂੰਜਦੇ ਰਹੇ, ਜਿਸ ਨਾਲ ਪੂਰਾ ਮਾਹੌਲ ਉਤਸ਼ਾਹ ਅਤੇ ਜਸ਼ਨ ਨਾਲ ਭਰਿਆ ਰਿਹਾ। ਰੋਡ ਸ਼ੋਅ ਸਮਾਪਤ ਹੋਣ ਤੋਂ ਬਾਅਦ ਪ੍ਰਧਾਨ ਨਿਰਮਲਾ ਦੇਵੀ ਗਰਗ ਦੇ ਨਿਵਾਸ ਸਥਾਨ ’ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਸਮਰਥਕਾਂ, ਸ਼ੁਭਚਿੰਤਕਾਂ, ਰਿਸ਼ਤੇਦਾਰਾਂ, ਵਾਰਡ ਵਾਸੀਆਂ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਿਰਮਲਾ ਦੇਵੀ ਗਰਗ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਭੇਟ ਕਰਕੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ’ਤੇ ਮੁਬਾਰਕਬਾਦ ਦਿੱਤੀ। ਲੋਕਾਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਜੈਤੋ ਸ਼ਹਿਰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਾ ਪ੍ਰਸ਼ਾਸਨਿਕ ਮਾਡਲ ਸਾਹਮਣੇ ਆਵੇਗਾ। ਇਸ ਮੌਕੇ ਪ੍ਰਧਾਨ ਨਿਰਮਲਾ ਦੇਵੀ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਕੇ ਜੋ ਵਿਸ਼ਵਾਸ ਪ੍ਰਗਟਾਇਆ ਗਿਆ ਹੈ, ਉਹ ਉਸ ’ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜੈਤੋ ਸ਼ਹਿਰ ਦੇ ਸਰਵਪੱਖੀ ਵਿਕਾਸ, ਸਫ਼ਾਈ ਪ੍ਰਬੰਧ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ਸਮੂਹ ਕੌਂਸਲਰਾਂ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਆਗੂਆਂ, ਵਰਕਰਾਂ, ਵਪਾਰਕ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਨਿਰਮਲਾ ਦੇਵੀ ਗਰਗ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਜਾਣਾ ਜੈਤੋ ਦੇ ਲੋਕਾਂ ਦੇ ਵਿਸ਼ਵਾਸ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨਗਰ ਕੌਂਸਲ ਰਾਹੀਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਲੋਕਾਂ ਦੀ ਹਰ ਜਾਇਜ਼ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਨਿਰਮਲਾ ਦੇਵੀ ਗਰਗ ਦੇ ਸਪੁੱਤਰ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਮਾਣ ਦੀ ਗੱਲ ਹੈ, ਪਰ ਇਸ ਤੋਂ ਵੀ ਵੱਧ ਜੈਤੋ ਸ਼ਹਿਰ ਦੇ ਲੋਕਾਂ ਵੱਲੋਂ ਦਿੱਤਾ ਗਿਆ ਸਤਿਕਾਰ ਅਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਨਿਰਮਲਾ ਦੇਵੀ ਗਰਗ ਹਮੇਸ਼ਾ ਲੋਕ ਸੇਵਾ ਨੂੰ ਪਹਿਲ ਦੇਂਦੇ ਆਏ ਹਨ ਅਤੇ ਅੱਗੇ ਵੀ ਸ਼ਹਿਰ ਦੇ ਵਿਕਾਸ, ਪਾਰਦਰਸ਼ਤਾ ਅਤੇ ਲੋਕ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ, ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਆਗੂਆਂ, ਵਰਕਰਾਂ ਅਤੇ ਸਾਰੀਆਂ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉੱਪ ਪ੍ਰਧਾਨ ਤੇ ਜੈਤੋ ਇਕਾਈ ਦੇ ਚੇਅਰਮੈਨ ਨਰੇਸ਼ ਜਿੰਦਲ, ਕੌਂਸਲਰ ਲਖਵਿੰਦਰ ਸਿੰਘ ‘ਲੱਖਾ ਬਰਾੜ’, ਮਨਪ੍ਰੀਤ ਸਿੰਘ ਮਨੀ ਜੈਤੋ, ਪ੍ਰਧਾਨ ਨਿਰਮਲਾ ਦੇਵੀ ਗਰਗ ਦੇ ਪਤੀ ਧਰਮਪਾਲ ਗਰਗ, ਉਨ੍ਹਾਂ ਦੀ ਨੂੰਹ ਪੂਜਾ ਰਾਣੀ ਗਰਗ, ਪੁੱਤਰ ਸੁਨੀਲ ਗਰਗ, ਨੂੰਹ ਸਵਰਨਾ ਗਰਗ, ਪੁੱਤਰੀ ਰੇਨੂੰ ਗਰਗ, ਪੋਤਰਾ ਪਿਊਸ਼ ਗਰਗ ਆਦਿ ਹਾਜ਼ਰ ਸਨ।