- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਨਿਰੰਕਾਰੀ ਮਿਸ਼ਨ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਆਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਵੱਖ-ਵੱਖ ਯੋਗ ਅਤੇ ਆਧਿਆਤਮਿਕ ਜਾਗਰੂਕਤਾ ਪ੍ਰੋਗਰਾਮ ਦੇਸ਼ ਭਰ ਦੀਆਂ ਸ਼ਾਖਾਵਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਮਨੁੱਖੀ ਜੀਵਨ ਵਿੱਚ ਸਿਹਤ, ਸੰਤੁਲਨ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਰਿਹਾ। ਇਸੇ ਲੜੀ ਤਹਿਤ ਸੰਤ ਨਿਰੰਕਾਰੀ ਸਤਿਸੰਗ ਭਵਨ, ਜੈਤੋ ਵਿਖੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਾਤਮਾਵਾਂ, ਸੇਵਾਦਲ ਮੈਂਬਰਾਂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਨਿਵਾਸੀਆਂ ਨੇ ਭਾਗ ਲੈ ਕੇ ਯੋਗ ਅਭਿਆਸ ਰਾਹੀਂ ਤੰਦਰੁਸਤ ਜੀਵਨ ਦਾ ਸੰਦੇਸ਼ ਦਿੱਤਾ। ਇਸ ਸਬੰਧੀ ਫਿਰੋਜ਼ਪੁਰ ਜ਼ੋਨ ਦੇ ਜ਼ੋਨਲ ਇੰਚਾਰਜ ਸਤਿਕਾਰਯੋਗ ਐਨ.ਐਸ.ਗਿੱਲ ਅਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਜੈਤੋ ਬ੍ਰਾਂਚ ਦੇ ਮੁਖੀ ਅਸ਼ੋਕ ਧੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਸੈਸ਼ਨ ਦੌਰਾਨ ਤਜਰਬੇਕਾਰ ਯੋਗ ਟਰੇਨਰਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਆਸਨ, ਪ੍ਰਾਣਾਯਾਮ ਅਤੇ ਯੋਗ ਕਿਰਿਆਵਾਂ ਕਰਵਾਈਆਂ ਗਈਆਂ। ਭਾਗੀਦਾਰਾਂ ਨੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀਂ ਅਕਸਰ ਮਨੁੱਖ ਨੂੰ ਸਰੀਰ, ਮਨ ਅਤੇ ਆਤਮਾ ਦੇ ਸੰਤੁਲਨ ਵੱਲ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵੱਲੋਂ ਦਿੱਤਾ ਗਿਆ ‘ਸਵਸਥ ਮਨ, ਸਹਿਜ ਜੀਵਨ’ ਦਾ ਸੰਦੇਸ਼ ਇਹ ਦਰਸਾਉਂਦਾ ਹੈ ਕਿ ਮਨੁੱਖੀ ਸਰੀਰ ਪਰਮਾਤਮਾ ਨਿਰੰਕਾਰ ਦੀ ਅਨਮੋਲ ਦਾਤ ਹੈ, ਜਿਸ ਦੀ ਸੰਭਾਲ ਕਰਨਾ ਹਰ ਮਨੁੱਖ ਦੀ ਜ਼ਿੰਮੇਵਾਰੀ ਹੈ। ਯੋਗ ਇਸ ਸੰਭਾਲ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ ਜੋ ਜੀਵਨ ਵਿੱਚ ਤੰਦਰੁਸਤੀ ਅਤੇ ਸਕਾਰਾਤਮਕਤਾ ਲਿਆਉਂਦਾ ਹੈ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਸਵਸਥ ਉਮਰ ਲਈ ਯੋਗ’ ਰਿਹਾ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਸੱਚੀ ਸਿਹਤ ਸਿਰਫ਼ ਸਰੀਰਕ ਤਾਕਤ ਨਹੀਂ, ਸਗੋਂ ਮਾਨਸਿਕ ਸ਼ਾਂਤੀ, ਆਤਮਿਕ ਜਾਗਰੂਕਤਾ ਅਤੇ ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਦਾ ਸੁਮੇਲ ਹੈ। ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਦੇਸ਼ ਭਰ ਵਿੱਚ 1500 ਤੋਂ ਵੱਧ ਕੇਂਦਰਾਂ ’ਤੇ ਸਮੂਹਿਕ ਯੋਗ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਉਪਰਾਲਿਆਂ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸੇਵਾ, ਅਨੁਸ਼ਾਸਨ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਗਿਆ। ਸਮਾਗਮ ਦੌਰਾਨ ਮੌਜੂਦ ਸੰਗਤ ਨੇ ਕਿਹਾ ਕਿ ਯੋਗ ਕੇਵਲ ਕਸਰਤ ਨਹੀਂ, ਬਲਕਿ ਇੱਕ ਅਜਿਹੀ ਜੀਵਨ ਪੱਧਤੀ ਹੈ ਜੋ ਮਨੁੱਖ ਨੂੰ ਅੰਦਰੂਨੀ ਸ਼ਾਂਤੀ, ਸੰਤੁਲਨ ਅਤੇ ਉਤਸ਼ਾਹ ਨਾਲ ਜੀਵਨ ਜੀਊਣ ਦੀ ਪ੍ਰੇਰਣਾ ਦਿੰਦੀ ਹੈ। ਨਿਸ਼ਚਿਤ ਤੌਰ ’ਤੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕੀਤਾ ਗਿਆ ਇਹ ਲੋਕ-ਭਲਾਈ ਦਾ ਉਪਰਾਲਾ ਸਮਾਜ ਲਈ ਪ੍ਰੇਰਣਾਦਾਇਕ ਹੈ। ਇਹ ਉਪਰਾਲਾ ਸਿਹਤਮੰਦ ਜੀਵਨ, ਆਧਿਆਤਮਿਕ ਚੇਤਨਾ ਅਤੇ ਸਰਵਪੱਖੀ ਮਨੁੱਖੀ ਕਲਿਆਣ ਦਾ ਸੰਦੇਸ਼ ਦਿੰਦਾ ਹੈ।