‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
Publish Date: Wed, 01 Jul 2026 07:50 PM (IST)
Updated Date: Wed, 01 Jul 2026 07:53 PM (IST)
ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣਾ ਮੁਹਿੰਮ ਦਾ ਮੁੱਖ ਮਕਸਦ : ਵਿਧਾਇਕ ਅਮੋਲਕ ਸਿੰਘ ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ : ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਊਰਜਾ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜੈਤੋ ਨਾਈਟ ਕ੍ਰਿਕਟ ਟੂਰਨਾਮੈਂਟ ਕਲੱਬ ਵੱਲੋਂ ਸਥਾਨਕ ਰਾਮਲੀਲ੍ਹਾ ਗਰਾਊਂਡ ਵਿਖੇ 23 ਰੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਬੀਤੀ ਰਾਤ ਮੁੱਖ ਮਹਿਮਾਨ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਉਦਯੋਗਪਤੀ ਰਾਕੇਸ਼ ਕੁਮਾਰ ‘ਕਾਲਾ’ ਵੱਲੋਂ ਸਾਂਝੇ ਤੌਰ ’ਤੇ ਫੀਤਾ ਕੱਟ ਕੇ ਕੀਤਾ ਗਿਆ। ਉਦਘਾਟਨ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਸਰਕਾਰੀ ਯਤਨ ਹੀ ਕਾਫ਼ੀ ਨਹੀਂ ਹਨ, ਸਗੋਂ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਨਾਲ ਜੁੜਿਆ ਨੌਜਵਾਨ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਇੱਕ ਸਿਹਤਮੰਦ ਜੀਵਨ ਵੱਲ ਵੱਧਦਾ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮਕਸਦ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੋੜਨਾ ਹੈ। ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਵਿੱਚ ਟੀਮ ਭਾਵਨਾ, ਅਨੁਸ਼ਾਸਨ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਰਾਕੇਸ਼ ਕੁਮਾਰ ‘ਕਾਲਾ’ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਵਧੀਆ ਮਾਧਿਅਮ ਹਨ। ਅਜਿਹੇ ਟੂਰਨਾਮੈਂਟ ਨੌਜਵਾਨਾਂ ਵਿੱਚ ਖੇਡ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਨਾਲ-ਨਾਲ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਟੂਰਨਾਮੈਂਟ ਕਲੱਬ ਦੇ ਸਰਪ੍ਰਸਤ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਕੋਮਲ ਸ਼ਰਮਾ ‘ਸੋਨੂੰ’ ਅਤੇ ਕਲੱਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਸ਼ੇਖਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ, ਸਮੂਹ ਖਿਡਾਰੀਆਂ, ਸਹਿਯੋਗੀਆਂ, ਟੀਮਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਭ ਦੇ ਪਿਆਰ, ਸਹਿਯੋਗ ਅਤੇ ਹੌਸਲਾ ਅਫਜ਼ਾਈ ਸਦਕਾ ਇਹ ਟੂਰਨਾਮੈਂਟ ਸਫ਼ਲਤਾ ਵੱਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਦੌਰਾਨ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਨਗਰ ਕੌਂਸਲਰ ਬੇਅੰਤ ਸਿੰਘ ‘ਰਾਜੂ ਸਿੱਧੂ’ ਦੀ ਟੀਮ ਤੇਜਪਾਲ-11 ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲਰ ਤੁਲਸੀ ਰਾਮ ਬਾਂਸਲ ਅਤੇ ਲਵਿਸ਼ ਜਿੰਦਲ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਖਿਡਾਰੀਆਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਉਤਸ਼ਾਹਿਤ ਕੀਤਾ। ਰਾਤ ਦੇ ਸਮੇਂ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਸ਼ਹਿਰ ਵਾਸੀ ਮੌਜੂਦ ਰਹੇ। ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਨਗਰ ਕੌਂਸਲਰ ਲਖਵਿੰਦਰ ਸਿੰਘ ‘ਲੱਖਾ ਬਰਾੜ’, ਨਗਰ ਕੌਂਸਲਰ ਬੇਅੰਤ ਸਿੰਘ ‘ਰਾਜੂ ਸਿੱਧੂ’, ਕਲੱਬ ਦੇ ਸਰਪ੍ਰਸਤ ਕੋਮਲ ਸ਼ਰਮਾ ‘ਸੋਨੂੰ’, ਪ੍ਰਧਾਨ ਸ਼ੇਖਰ ਸ਼ਰਮਾ, ਭਾਜਪਾ ਆਗੂ ਸੰਦੀਪ ਪਾਟਿਲ ‘ਟੋਨੀ ਸ਼ਰਮਾ’, ਲਵਿਸ਼ ਕਾਂਸਲ, ਤੇਜਪਾਲ ਸਿੰਘ, ਹੈਪੀ ਸਿੰਘ ਘੁਲਿਆਣੀ, ਆਸ਼ੀਸ਼ ਬਰਗਾੜੀ, ਮਨਜਿੰਦਰ ਸਿੰਘ ‘ਮੋਨੂ ਭੰਗੂ’ ਅਤੇ ਹੋਰ ਪਤਵੰਤੇ ਹਾਜ਼ਰ ਸਨ।