- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਵਿਖੇ ਵਿਧਾਇਕ ਅਮੋਲਕ ਸਿੰਘ ਵੱਲੋਂ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸ਼ਹਿਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਕੀਤਾ ਗਿਆ ਇੱਕ ਹੋਰ ਲੋਕ-ਹਿਤੈਸ਼ੀ ਉਪਰਾਲਾ ਸਫ਼ਲਤਾਪੂਰਵਕ ਸਿਰੇ ਚੜਿਆ। ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ ਪਾਰਕ ਨੰਬਰ-4 ਦੇ ਨਾਲ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਗਮ ਦੌਰਾਨ ਵਿਧਾਇਕ ਇੰਜੀ. ਅਮੋਲਕ ਸਿੰਘ ਨੇ ਨਗਰ ਸੁਧਾਰ ਕਮੇਟੀ ਜੈਤੋ ਦੇ ਇਸ ਸ਼ਲਾਘਾਯੋਗ ਯਤਨ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਨ, ਸਿਹਤ ਅਤੇ ਸਕਾਰਾਤਮਕ ਸੋਚ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ ਸਹੂਲਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਮੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਕਮੇਟੀ ਜੈਤੋ ਸ਼ਹਿਰ ਦੇ ਵਿਕਾਸ, ਸੁੰਦਰਤਾ ਅਤੇ ਸਮਾਜਿਕ ਭਲਾਈ ਲਈ ਲਗਾਤਾਰ ਸ਼ਾਨਦਾਰ ਕਾਰਜ ਕਰ ਰਹੀ ਹੈ। ਕਮੇਟੀ ਵੱਲੋਂ ਉਠਾਏ ਜਾਣ ਵਾਲੇ ਜਨ-ਹਿਤ ਦੇ ਮੁੱਦਿਆਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਵਾਤਾਵਰਨ ਸੰਭਾਲ ਦੇ ਸੰਦੇਸ਼ ਨੂੰ ਪ੍ਰਮੁੱਖਤਾ ਦਿੰਦਿਆਂ ਨਗਰ ਸੁਧਾਰ ਕਮੇਟੀ ਵੱਲੋਂ 10 ਉੱਚ ਕੁਆਲਿਟੀ ਦੇ ਛਾਂਦਾਰ ਅਤੇ ਫਲਦਾਰ ਰੁੱਖ ਵੀ ਲਗਾਏ ਗਏ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਖੁਦ ਪੌਦੇ ਲਗਾ ਕੇ ਵਾਤਾਵਰਨ ਦੀ ਰੱਖਿਆ ਲਈ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਜਿਸ ਸਥਾਨ ’ਤੇ ਬੈਡਮਿੰਟਨ ਗਰਾਊਂਡ ਬਣੇ ਹਨ, ਉਹ ਪਹਿਲਾਂ ਘਾਹ-ਫੂਸ ਅਤੇ ਗੰਦਗੀ ਦੇ ਢੇਰਾਂ ਨਾਲ ਭਰਿਆ ਹੋਇਆ ਸੀ। ਨਗਰ ਸੁਧਾਰ ਕਮੇਟੀ ਜੈਤੋ ਨੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ, ਸੋਸ਼ਲ ਵੈਲਫੇਅਰ ਕਮੇਟੀ ਜੈਤੋ ਅਤੇ ਰੇਲਵੇ ਵਿਭਾਗ ਦੇ ਸਹਿਯੋਗ ਨਾਲ ਇਸ ਇਲਾਕੇ ਦੀ ਸਫ਼ਾਈ ਕਰਵਾ ਕੇ ਇਸ ਨੂੰ ਖੇਡ ਮੈਦਾਨਾਂ ਦੇ ਰੂਪ ਵਿੱਚ ਵਿਕਸਤ ਕੀਤਾ। ਇਸ ਉਪਰਾਲੇ ਨਾਲ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਵਿੱਚ ਵਾਧਾ ਹੋਇਆ ਹੈ, ਸਗੋਂ ਸ਼ਹਿਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਇੱਕ ਵਧੀਆ ਮੰਚ ਵੀ ਪ੍ਰਾਪਤ ਹੋਇਆ ਹੈ। ਇਸ ਮੌਕੇ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ‘ਆਪ’ ਵਿਧਾਨ ਸਭਾ ਹਲਕਾ ਜੈਤੋ ਦੇ ਸੰਗਠਨ ਇੰਚਾਰਜ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਮਾਨਵ ਕਲਿਆਣ ਸੇਵਾ ਸੰਮਤੀ, ਸੋਸ਼ਲ ਵੈਲਫੇਅਰ ਕਮੇਟੀ ਅਤੇ ਸਮੂਹ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਭਵਿੱਖ ਵਿੱਚ ਵੀ ਸ਼ਹਿਰ ਦੇ ਵਿਕਾਸ ਅਤੇ ਲੋਕ ਭਲਾਈ ਲਈ ਅਜਿਹੇ ਰਚਨਾਤਮਕ ਕਾਰਜ ਜਾਰੀ ਰੱਖੇਗੀ। ਇਸ ਮੌਕੇ ਨਗਰ ਸੁਧਾਰ ਕਮੇਟੀ ਦੇ ਅਹੁਦੇਦਾਰ ਗੁਰਮੀਤ ਸਿੰਘ ਬਰਾੜ, ਸਟੇਸ਼ਨ ਮਾਸਟਰ ਰਿੰਕੂ, ਐਮ.ਸੀ. ਗੁਰਚਰਨ ਸਿੰਘ, ਐਮ.ਸੀ. ਹਰਬੰਸ ਸਿੰਘ ਭੋਪੀ, ਐਮ.ਸੀ. ਵਿਜੇ ਕੁਮਾਰ ਸੋਲੰਕੀ, ‘ਆਪ’ ਬਲਾਕ ਪ੍ਰਧਾਨ ਅੰਕੁਸ਼ ਬਾਂਸਲ, ਮਾਸਟਰ ਰਜਿੰਦਰ ਚਾਵਲਾ, ਕਰਮਜੀਤ ਸਿੰਘ ਕਾਲਾ ਸ਼ਰਮਾ, ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਗੁਰਲਾਲ ਸਿੰਘ ਬਰਾੜ, ਦਵਿੰਦਰ ਕੁਮਾਰ ਸੱਚਦੇਵਾ, ਪਰਦੀਪ ਸ਼ਰਮਾ, ਪਰਵੀਨ ਜੈਨ, ਮਹੇਸ਼ ਜੈਨ, ਡਾ. ਸੁਰੇਸ਼ ਮਹੇਸ਼ਵਰੀ, ਨੰਦ ਕਿਸ਼ੋਰ, ਸਮਾਜ ਸੇਵੀ ਲਾਲ ਚੰਦ ਲਾਲਾ, ਮੋਹਿਤ ਸ਼ਰਮਾ, ਡਾ. ਬਲਜੀਤ ਸਿੰਘ, ਅਰੁਣਜੀਤ ਸ਼ਰਮਾ, ਸੋਨੀ ਅਰੋੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।