- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫ਼ਰੀਦਕੋਟ ਹਲਕੇ ਵਿੱਚ ਬਹੁ-ਕਰੋੜੀ ਪੁਲਾਂ ਅਤੇ ਪੱਕੇ ਪਾਣੀ ਦੇ ਖਾਲਿਆਂ ਦਾ ਕੀਤਾ ਉਦਘਾਟਨ

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਫ਼ਰੀਦਕੋਟ ਵਿੱਚ ਵਿਭਾਗ ਨਾਲ ਸਬੰਧਤ ਵੱਖ-ਵੱਖ ਬਹੁ ਕਰੋੜੀ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਤਲਵੰਡੀ ਰੋਡ ਫ਼ਰੀਦਕੋਟ ਵਿਖੇ ਰਾਜਸਥਾਨ ਫੀਡਰ ਨਹਿਰ ਦੀ ਬੁਰਜੀ ਨੰਬਰ 195814 ਅਤੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਸਰਹਿੰਦ ਫੀਡਰ ਨਹਿਰ ਦੀ ਬੁਰਜੀ ਨੰਬਰ 140066 ਉੱਪਰ ਨਵੇਂ ਬਣੇ ਸਿੰਗਲ ਸਪੈਨ ਸਟੀਲ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਉੱਪਰ ਬਣੇ ਇਹ ਪੁਲ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ। ਪਹਿਲਾਂ ਇਨ੍ਹਾਂ ਸਥਾਨਾਂ ’ਤੇ ਬਣੇ ਪੁਲ ਲਗਭਗ 60 ਸਾਲ ਪੁਰਾਣੇ ਸਨ, ਜਿਨ੍ਹਾਂ ਕਾਰਨ ਵਧ ਰਹੀ ਟਰੈਫਿਕ ਦੇ ਮੱਦੇਨਜ਼ਰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਨਵੇਂ ਪੁਲਾਂ ਦੀ ਕੈਰੇਜ ਵੇਅ ਚੌੜਾਈ 7.5 ਮੀਟਰ ਰੱਖੀ ਗਈ ਹੈ ਅਤੇ ਦੋਵੇਂ ਪਾਸਿਆਂ 1.200 ਮੀਟਰ ਚੌੜੇ ਪੈਦਲ ਮਾਰਗ ਵੀ ਬਣਾਏ ਗਏ ਹਨ। ਇਨ੍ਹਾਂ ਪੁਲਾਂ ਦੇ ਨਿਰਮਾਣ ’ਤੇ ਕੁੱਲ 38 ਕਰੋੜ 16 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਫ਼ਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਟਰੈਫਿਕ ਸਮੱਸਿਆ ਦਾ ਹੱਲ ਹੋਇਆ ਹੈ ਅਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਾਪਤ ਹੋਈਆਂ ਹਨ। ਇਸ ਉਪਰੰਤ ਕੈਬਨਿਟ ਮੰਤਰੀ ਨੇ ਪਿੰਡ ਹਸਨ ਭੱਟੀ ਵਿਖੇ ਨਹਿਰੀ ਮੌਘਾ ਬੁਰਜੀ ਨੰਬਰ 24007 ਤੋਂ ਪਿੰਡ ਹਸਨ ਭੱਟੀ ਅਤੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਅਧੀਨ 21 ਮੋਘਿਆਂ ਦੇ ਪੱਕੇ ਪਾਣੀ ਦੇ ਖਾਲਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਅਤੇ ਸੂਬੇ ਦੇ ਸਿੰਚਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਹਲਕੇ ਵਿੱਚ ਪੱਕੇ ਪਾਣੀ ਦੇ ਖਾਲਿਆਂ ਦੀ ਉਸਾਰੀ ਨਾਲ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਯਕੀਨੀ ਬਣੀ ਹੈ ਅਤੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਕੁੱਲ 21 ਕੰਮਾਂ ਤਹਿਤ 34.50 ਕਿਲੋਮੀਟਰ ਲੰਬੇ ਪੱਕੇ ਪਾਣੀ ਦੇ ਖਾਲੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ’ਤੇ ਲਗਭਗ 11.90 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ 780 ਏਕੜ ਰਕਬੇ ਨੂੰ ਸਿੱਧਾ ਲਾਭ ਮਿਲੇਗਾ। ਪੱਕੇ ਖਾਲਿਆਂ ਰਾਹੀਂ ਪਾਣੀ ਦੀ ਬਰਬਾਦੀ ਵਿੱਚ ਕਮੀ ਆਵੇਗੀ ਅਤੇ ਪਾਣੀ ਦੀ ਪਹੁੰਚ ਖੇਤਾਂ ਤੱਕ ਤੇਜ਼ੀ ਅਤੇ ਸੁਚਾਰੂ ਢੰਗ ਨਾਲ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਪ੍ਰਾਪਤ ਹੋਣਗੀਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਬਾਰਡ ਸਕੀਮ ਤਹਿਤ 96.16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਯੂ.ਜੀ.ਪੀ.ਐਲ. (ਅੰਡਰ ਗਰਾਊਂਡ ਪਾਈਪ ਲਾਈਨ) ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਇਸ ਪ੍ਰੋਜੈਕਟ ਤਹਿਤ ਆਊਟਲੈੱਟ ਨੰਬਰ 8000/ਐਲ ਤੋਂ ਸਿੰਚਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਅਤੇ ਸਮੇਂ ਸਿਰ ਉਪਲਬਧਤਾ ਯਕੀਨੀ ਬਣੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਸੰਭਾਲ ਅਤੇ ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਉਣ ਲਈ ਅਜਿਹੇ ਪ੍ਰੋਜੈਕਟ ਲਗਾਤਾਰ ਲਾਗੂ ਕੀਤੇ ਜਾ ਰਹੇ ਹਨ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਫ਼ਰੀਦਕੋਟ ਹਲਕੇ ਨੂੰ ਵਿਕਾਸ ਕਾਰਜਾਂ ਦੀਆਂ ਸੌਗਾਤਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੰਚਾਈ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਇਹ ਪ੍ਰੋਜੈਕਟ ਕਿਸਾਨਾਂ ਅਤੇ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਜਲ ਸਰੋਤ ਮੰਤਰੀ ਸ੍ਰੀ ਗੋਇਲ ਵੱਲੋਂ 50 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਲੋਕ ਅਰਪਤ ਕੀਤਾ ਗਿਆ ਹੈ ਜਿਸ ਨਾਲ ਫਰੀਦਕੋਟ ਹਲਕੇ ਦੇ ਪਿੰਡਾਂ ਨੂੰ ਵਧੀਆ ਸਿੰਚਾਈ ਸਹੂਲਤ ਮਿਲੇਗੀ ਤੇ ਪੁੱਲਾਂ ਨਾਲ ਆਵਾਜਾਈ ਦੀ ਹੋਰ ਬਿਹਤਰ ਸਹੂਲਤ ਪ੍ਰਦਾਨ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਹਿਰਾਂ, ਰਜਵਾਹਿਆਂ, ਕੱਸੀਆਂ ਵਿੱਚ ਪਾਣੀ ਦੀ ਸਮਰੱਥਾ ਵਧਾ ਕੇ ਕਿਸਾਨਾਂ ਨੂੰ ਖੇਤੀ ਦੀ ਸਹੂਲਤ ਲਈ ਪਹਿਲਾਂ ਤੋਂ ਵੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਗੁਰਤੇਜ ਸਿੰਘ ਖੋਸਾ ਚੇਅਰਮੈਨ ਪਲਾਨਿੰਗ ਬੋਰਡ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਐਸ.ਡੀ.ਐਮ. ਫਰੀਦਕੋਟ ਪੁਨੀਤ ਸ਼ਰਮਾ, ਐਸ.ਸੀ. ਸੰਦੀਪ ਗੋਇਲ, ਐਕਸੀਅਨ ਰਮਨਪ੍ਰੀਤ ਸਿੰਘ ਮਾਨ, ਐਕਸੀਅਨ ਸੰਦੀਪ ਕੰਬੋਜ, ਰਜਿੰਦਰ ਸਿੰਘ ਰਿੰਕੂ ਸਮਾਧਾਂ ਵਾਲਾ, ਪ੍ਰੀਤਮ ਸਿੰਘ ਭਾਣਾ, ਜਗਮੋਹਨ ਸਿੰਘ ਵਿਰਕ ਮੰਡਲ ਭੂਮੀ ਰੱਖਿਆ ਅਫ਼ਸਰ, ਰਾਜਵਿੰਦਰ ਕੌਰ ਮੰਡਲ ਭੂਮੀ ਰੱਖਿਆ ਅਫ਼ਸਰ, ਜਸਪ੍ਰੀਤ ਸਿੰਘ ਭੂਮੀ ਰੱਖਿਆ ਅਫ਼ਸਰ, ਗੁਰਪਿੰਦਰ ਸਿੰਘ ਐਗਰੀਕਲਚਰ ਅਫ਼ਸਰ, ਨੀਲਕਰਨ ਸਿੰਘ ਸੀਨੀਅਰ ਸਹਾਇਕ, ਜਲ ਸਰੋਤ ਵਿਭਾਗ ਅਤੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀ, ਪੰਚਾਇਤੀ ਨੁਮਾਇੰਦੇ, ਕਿਸਾਨ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।