- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ, ਬਾਬਾ ਫ਼ਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਸਾਦਿਕ-ਦੀਪ ਸਿੰਘ ਵਾਲਾ ਰੋਡ 'ਤੇ ਪਿੰਡ ਕਾਉਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਇੱਕ ਹੌਂਡਾ ਸਿਟੀ ਕਾਰ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ।

ਸ਼ਿਵ ਕੁਮਾਰ ਸ਼ਰਮਾ, ਫਰੀਦਕੋਟ: ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਸੀਆਈਏ ਸਟਾਫ਼ ਨੇ ਨਸ਼ਿਆਂ ਅਤੇ ਨਾਜਾਇਜ਼ ਹਥਿਆਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 47 ਕਿੱਲੋ 332 ਗ੍ਰਾਮ ਹੈਰੋਇਨ, ਤਿੰਨ ਵਿਦੇਸ਼ੀ .30 ਬੋਰ ਪਿਸਤੌਲਾਂ ਅਤੇ 15 ਕਾਰਤੂਸਾਂ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਵਾਸੀ ਪਿੰਡ ਗੂੜ੍ਹੜ ਪੰਜਗਰਾਈਂ, ਗੁਰੂਹਰਸਹਾਏ, ਅੰਕੁਸ਼, ਸਚਿਨ ਉਰਫ਼ ਸੰਜੂ ਅਤੇ ਅਨਮੋਲ ਸਿੰਘ ਵਾਸੀ ਪਿੰਡ ਲਮੋਚੜ ਖੁਰਦ, ਜਲਾਲਾਬਾਦ ਵਜੋਂ ਹੋਈ ਹੈ।
ਪੁਲਿਸ ਅਨੁਸਾਰ, ਬਾਬਾ ਫ਼ਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਸਾਦਿਕ-ਦੀਪ ਸਿੰਘ ਵਾਲਾ ਰੋਡ 'ਤੇ ਪਿੰਡ ਕਾਉਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਇੱਕ ਹੌਂਡਾ ਸਿਟੀ ਕਾਰ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਸਵਾਰਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਸੇ ਦੌਰਾਨ ਕਾਰ ਬੰਦ ਹੋ ਗਈ ਅਤੇ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿੱਚ ਰੱਖੇ ਇੱਕ ਗੱਟੇ 'ਚੋਂ 42 ਪੈਕੇਟਾਂ ਵਿੱਚ ਪੈਕ ਕੀਤੀ 47 ਕਿੱਲੋ 332 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ ਇੱਕ ਲਿਫ਼ਾਫ਼ੇ 'ਚੋਂ ਤਿੰਨ ਵਿਦੇਸ਼ੀ .30 ਬੋਰ ਪਿਸਤੌਲ, ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਗਏ।
ਇਸ ਸਬੰਧੀ ਥਾਣਾ ਸਾਦਿਕ ਵਿਖੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੀ ਸਪਲਾਈ ਨਾਲ ਜੁੜੇ ਅਗਲੇ-ਪਿਛਲੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।