- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਈਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਡਾ. ਆਰਜੂ ਜਿੰਦਲ ਨੇ ਹੋਮਿਓਪੈਥਿਕ ਡਾਕਟਰ ਵਜੋਂ ਸੰਭਾਲਿਆ ਅਹੁਦਾ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸਮਾਜ ਸੇਵਾ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਲਾਈਨਜ਼ ਕਲੱਬ ਜੈਤੋ ਗੰਗਸਰ ਵੱਲੋਂ ਚਲਾਏ ਜਾ ਰਹੇ ਲਾਈਨਜ਼ ਆਈ ਕੇਅਰ ਸੈਂਟਰ, ਪੰਚਾਇਤੀ ਗਾਉਸ਼ਾਲਾ ਰੋਡ ਵਿੱਚ ਹੋਮਿਓਪੈਥਿਕ ਡਾਕਟਰ ਦੀ ਖਾਲੀ ਪਈ ਅਸਾਮੀ ਨੂੰ ਭਰਦਿਆਂ ਡਾ. ਆਰਜੂ ਜਿੰਦਲ ਨੇ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਆਰਜੂ ਜਿੰਦਲ ਦੀ ਨਿਯੁਕਤੀ ਨਾਲ ਇਲਾਕੇ ਦੇ ਲੋਕਾਂ ਨੂੰ ਹੁਣ ਅੱਖਾਂ ਦੇ ਇਲਾਜ ਦੇ ਨਾਲ-ਨਾਲ ਹੋਮਿਓਪੈਥਿਕ ਇਲਾਜ ਦੀਆਂ ਸੇਵਾਵਾਂ ਵੀ ਇੱਕ ਹੀ ਛੱਤ ਹੇਠ ਉਪਲਬਧ ਹੋਣਗੀਆਂ, ਜਿਸ ਨਾਲ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਆਯੋਜਿਤ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ, ਕੈਂਪ ਚੇਅਰਮੈਨ ਲਾਇਨ ਨਰੇਸ਼ ਮਿੱਤਲ, ਲਾਇਨ ਮੰਨੂੰ ਗੋਇਲ, ਕਲੱਬ ਦੇ ਹੋਰ ਅਹੁਦੇਦਾਰਾਂ ਅਤੇ ਪਤਵੰਤੇ ਸੱਜਣਾਂ ਨੇ ਡਾ. ਆਰਜੂ ਜਿੰਦਲ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਹਾਜ਼ਰ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਡਾ. ਆਰਜੂ ਜਿੰਦਲ ਆਪਣੀ ਸੇਵਾ ਭਾਵਨਾ, ਤਜਰਬੇ ਅਤੇ ਯੋਗਤਾ ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਨੇ ਕਿਹਾ ਕਿ ਲਾਈਨਜ਼ ਆਈ ਕੇਅਰ ਸੈਂਟਰ ਦੀ ਸਥਾਪਨਾ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਨੂੰ ਸਸਤੀ, ਸੁਚੱਜੀ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲੋਕਾਂ ਵੱਲੋਂ ਹੋਮਿਓਪੈਥਿਕ ਇਲਾਜ ਦੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਲੋਕਾਂ ਦੀ ਇਸ ਮੰਗ ਅਤੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਕਲੱਬ ਵੱਲੋਂ ਹੋਮਿਓਪੈਥਿਕ ਡਾਕਟਰ ਦੀ ਨਿਯੁਕਤੀ ਦਾ ਫ਼ੈਸਲਾ ਲਿਆ ਗਿਆ, ਜਿਸ ਦੇ ਤਹਿਤ ਡਾ. ਆਰਜੂ ਜਿੰਦਲ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ ਕਿਉਂਕਿ ਇਹ ਪੱਧਤੀ ਕਈ ਪੁਰਾਣੀਆਂ ਅਤੇ ਜਟਿਲ ਬਿਮਾਰੀਆਂ ਦੇ ਇਲਾਜ ਵਿੱਚ ਲਾਭਕਾਰੀ ਸਾਬਤ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਦੇ ਮਾੜੇ ਪ੍ਰਭਾਵ ਨਾ ਹੋਣ ਕਾਰਨ ਵੀ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਹੋਮਿਓਪੈਥਿਕ ਸਲਾਹ ਅਤੇ ਇਲਾਜ ਦੀ ਸਹੂਲਤ ਵੀ ਉਪਲਬਧ ਹੋਵੇਗੀ। ਆਪਣੇ ਸੰਬੋਧਨ ਵਿੱਚ ਡਾ. ਆਰਜੂ ਜਿੰਦਲ ਨੇ ਕਿਹਾ ਕਿ ਹੋਮਿਓਪੈਥੀ ਇੱਕ ਵਿਗਿਆਨਕ ਅਤੇ ਪ੍ਰਭਾਵਸ਼ਾਲੀ ਇਲਾਜ ਪ੍ਰਣਾਲੀ ਹੈ ਜੋ ਸਰੀਰ ਦੀ ਕੁਦਰਤੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਦੇ ਮੂਲ ਕਾਰਨਾਂ ਨੂੰ ਦੂਰ ਕਰਨ ਦਾ ਯਤਨ ਕਰਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਖੋਜਾਂ, ਤਕਨੀਕੀ ਵਿਕਾਸ ਅਤੇ ਨਵੇਂ ਇਲਾਜੀ ਤਰੀਕਿਆਂ ਦੇ ਸ਼ਾਮਲ ਹੋਣ ਨਾਲ ਹੋਮਿਓਪੈਥਿਕ ਇਲਾਜ ਹੋਰ ਵੀ ਪ੍ਰਭਾਵਸ਼ਾਲੀ ਅਤੇ ਭਰੋਸੇਯੋਗ ਬਣਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸੈਂਟਰ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਬੋਲਦਿਅ ਕੈਂਪ ਚੇਅਰਮੈਨ ਲਾਇਨ ਨਰੇਸ਼ ਮਿੱਤਲ ਨੇ ਕਿਹਾ ਕਿ ਲਾਈਨਜ਼ ਕਲੱਬ ਜੈਤੋ ਗੰਗਸਰ ਵੱਲੋਂ ਸਮੇਂ-ਸਮੇਂ ’ਤੇ ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ, ਸਿਹਤ ਜਾਗਰੂਕਤਾ ਮੁਹਿੰਮਾਂ ਅਤੇ ਹੋਰ ਲੋਕ ਭਲਾਈ ਦੇ ਕਾਰਜ ਕਰਵਾਏ ਜਾਂਦੇ ਹਨ। ਸੈਂਟਰ ਵਿੱਚ ਹੋਮਿਓਪੈਥਿਕ ਸੇਵਾਵਾਂ ਸ਼ੁਰੂ ਹੋਣ ਨਾਲ ਕਲੱਬ ਦੇ ਸੇਵਾ ਕਾਰਜਾਂ ਨੂੰ ਹੋਰ ਬਲ ਮਿਲੇਗਾ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਦਾ ਲਾਭ ਪ੍ਰਾਪਤ ਹੋਵੇਗਾ। ਸਮਾਗਮ ਦੌਰਾਨ ਡਾ. ਆਰਜੂ ਜਿੰਦਲ ਦੇ ਪਿਤਾ ਅਸ਼ੋਕ ਸਿੰਗਲਾ, ਮਾਤਾ ਮੋਨਿਕਾ ਸਿੰਗਲਾ, ਭੂਸ਼ਣ ਰੋਮਾਣਾ, ਅਸ਼ੋਕ ਕੁਮਾਰ ਜਿੰਦਲ, ਕਿ੍ਰਸ਼ਨ ਕੁਮਾਰ ਜਿੰਦਲ, ਸਤੀਸ਼ ਕੁਮਾਰ ਜਿੰਦਲ, ਲਵਿਸ਼ ਜਿੰਦਲ, ਚੰਦਰਲੇਖਾ ਜਿੰਦਲ, ਰੇਨੂੰ ਬਾਲਾ ਜਿੰਦਲ, ਸੁਦੇਸ਼ ਕੁਮਾਰੀ ਜਿੰਦਲ, ਸ਼ੀਨਮ, ਬਾਜ ਸਿੰਘ ਸੂਰਘੁਰੀ ਤੋਂ ਇਲਾਵਾ ਲਾਈਨਜ਼ ਕਲੱਬ ਦੇ ਅਹੁਦੇਦਾਰਾਂ, ਸਮਾਜ ਸੇਵੀਆਂ ਅਤੇ ਇਲਾਕੇ ਦੇ ਕਈ ਪਤਵੰਤੇ ਸੱਜਣਾਂ ਨੇ ਵੀ ਹਾਜ਼ਰੀ ਭਰੀ। ਹਾਜ਼ਰ ਸ਼ਖ਼ਸੀਅਤਾਂ ਨੇ ਡਾ. ਆਰਜੂ ਜਿੰਦਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਸਫ਼ਲ ਕਾਰਜਕਾਲ ਦੀ ਕਾਮਨਾ ਕੀਤੀ।