- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਦੀ ਬਦਲੀ ’ਤੇ ਜੈਤੋ ਵਾਸੀਆਂ ’ਚ ਰੋਸ, ਮੁੜ ਤਾਇਨਾਤੀ ਦੀ ਉੱਠੀ ਜ਼ੋਰਦਾਰ ਮੰਗ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਤਹਿਸੀਲ ਜੈਤੋ ਵਿੱਚ ਤਾਇਨਾਤ ਰਹੇ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਦੀ ਪੰਜਾਬ ਸਰਕਾਰ ਵੱਲੋਂ ਰਾਮਪੁਰਾ ਫੂਲ ਵਿਖੇ ਕੀਤੀ ਗਈ ਬਦਲੀ ਨੂੰ ਲੈ ਕੇ ਜੈਤੋ ਖੇਤਰ ਦੇ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਆਮ ਲੋਕਾਂ, ਸਮਾਜ ਸੇਵੀਆਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਇਸ ਫ਼ੈਸਲੇ ’ਤੇ ਹੈਰਾਨੀ ਅਤੇ ਅਫ਼ਸੋਸ ਪ੍ਰਗਟ ਕਰਦਿਆਂ ਸਰਕਾਰ ਕੋਲੋਂ ਖਹਿਰਾ ਨੂੰ ਮੁੜ ਜੈਤੋ ਵਿਖੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸਾਬਕਾ ਕੌਂਸਲਰ ਦਿਨੇਸ਼ ਕੁਮਾਰ ਗੋਇਲ ‘ਲਾਲਾ ਬਰਾੜ’ ਦੀ ਅਗਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ਇਲਾਕਾ ਵਾਸੀਆਂ ਨੇ ਕਿਹਾ ਕਿ ਰਣਜੀਤ ਸਿੰਘ ਖਹਿਰਾ ਨੂੰ ਜੈਤੋ ਵਿੱਚ ਤਾਇਨਾਤ ਹੋਏ ਭਾਵੇਂ ਕੇਵਲ ਤਿੰਨ ਮਹੀਨੇ ਹੀ ਹੋਏ ਸਨ, ਪਰ ਇਸ ਥੋੜ੍ਹੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਇਮਾਨਦਾਰੀ, ਮਿਹਨਤ ਅਤੇ ਲੋਕ-ਪੱਖੀ ਕਾਰਜਸ਼ੈਲੀ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ। ਉਨ੍ਹਾਂ ਦੀ ਕਾਰਗੁਜ਼ਾਰੀ ਕਾਰਨ ਤਹਿਸੀਲ ਦਫ਼ਤਰ ਵਿੱਚ ਲੋਕਾਂ ਦੇ ਕੰਮਾਂ ਦੀ ਰਫ਼ਤਾਰ ਤੇਜ਼ ਹੋਈ ਅਤੇ ਲੋਕਾਂ ਨੂੰ ਆਪਣੇ ਜਾਇਜ਼ ਕੰਮਾਂ ਲਈ ਬੇਵਜ੍ਹਾ ਚੱਕਰ ਨਹੀਂ ਕੱਟਣੇ ਪੈਂਦੇ ਸਨ। ਲੋਕਾਂ ਨੇ ਦੱਸਿਆ ਕਿ ਖਹਿਰਾ ਨੇ ਆਪਣੇ ਕਾਰਜਕਾਲ ਦੌਰਾਨ ਰਜਿਸਟਰੀਆਂ, ਇੰਤਕਾਲਾਂ, ਫ਼ਰਦਾਂ ਅਤੇ ਹੋਰ ਮਾਲ ਰਿਕਾਰਡ ਨਾਲ ਸਬੰਧਤ ਮਾਮਲਿਆਂ ਨੂੰ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਨਿਪਟਾਇਆ। ਉਨ੍ਹਾਂ ਦੇ ਦਫ਼ਤਰ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਸੀ ਅਤੇ ਜਾਇਜ਼ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਖਾਸ ਯਤਨ ਕੀਤੇ ਜਾਂਦੇ ਸਨ। ਇਸ ਕਾਰਨ ਆਮ ਲੋਕਾਂ ਦਾ ਸਰਕਾਰੀ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਨਾ ਸਿਰਫ਼ ਆਪਣੇ ਅਧਿਕਾਰਾਂ ਦੀ ਸੁਚੱਜੀ ਵਰਤੋਂ ਕੀਤੀ, ਸਗੋਂ ਦਫ਼ਤਰੀ ਅਮਲੇ ਨੂੰ ਵੀ ਲੋਕ-ਹਿੱਤ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਤਹਿਸੀਲ ਦਫ਼ਤਰ ਦੇ ਕੰਮਕਾਜ ਵਿੱਚ ਕਾਫ਼ੀ ਸੁਧਾਰ ਆਇਆ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਕਈ ਮਾਮਲਿਆਂ ਦਾ ਹੱਲ ਵੀ ਸੰਭਵ ਹੋ ਸਕਿਆ। ਇਸ ਮੌਕੇ ਦਿਨੇਸ਼ ਕੁਮਾਰ ਗੋਇਲ ‘ਲਾਲਾ ਬਰਾੜ’ ਨੇ ਕਿਹਾ ਕਿ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਇੱਕ ਤਜਰਬੇਕਾਰ, ਨਿਰਪੱਖ ਅਤੇ ਦੂਰਅੰਦੇਸ਼ ਅਧਿਕਾਰੀ ਹਨ, ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਸਿਰਫ਼ ਸਰਕਾਰੀ ਜ਼ਿੰਮੇਵਾਰੀ ਨਹੀਂ, ਸਗੋਂ ਲੋਕ ਸੇਵਾ ਦੇ ਰੂਪ ਵਿੱਚ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀ ਬਹੁਤ ਘੱਟ ਮਿਲਦੇ ਹਨ ਜੋ ਬਿਨਾਂ ਕਿਸੇ ਦਬਾਅ ਅਤੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਰੋਸ ਪ੍ਰਗਟ ਕਰਨ ਵਾਲਿਆਂ ਨੇ ਕਿਹਾ ਕਿ ਰਣਜੀਤ ਸਿੰਘ ਖਹਿਰਾ ਦੀ ਅਚਾਨਕ ਬਦਲੀ ਨਾਲ ਲੋਕਾਂ ਨੂੰ ਨਿਰਾਸ਼ਾ ਹੋਈ ਹੈ ਅਤੇ ਇਸ ਨਾਲ ਪ੍ਰਸ਼ਾਸਨ ਪ੍ਰਤੀ ਲੋਕਾਂ ਦੇ ਬਣੇ ਭਰੋਸੇ ਨੂੰ ਵੀ ਝਟਕਾ ਲੱਗ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ, ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ, ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ। ਲੋਕਾਂ ਨੇ ਆਸ ਜਤਾਈ ਕਿ ਸਰਕਾਰ ਜਲਦ ਹੀ ਸਕਾਰਾਤਮਕ ਫ਼ੈਸਲਾ ਲੈਂਦਿਆਂ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੂੰ ਮੁੜ ਜੈਤੋ ਵਿਖੇ ਤਾਇਨਾਤ ਕਰੇਗੀ, ਜਿਸ ਨਾਲ ਲੋਕਾਂ ਦਾ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।