
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਨ੍ਹਾਂ ਉਮੀਦਵਾਰਾਂ ਖ਼ਿਲਾਫ਼ ਸਾਈਬਰ ਕ੍ਰਾਈਮ ਥਾਣਾ ਫਰੀਦਕੋਟ ਵਿੱਚ 20 ਜੁਲਾਈ ਨੂੰ ਸੂਚਨਾ ਤਕਨਾਲੋਜੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਮਾਮਲਾ 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ।

ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਅਤੇ ਨਕਲ ਮਾਮਲੇ ਵਿੱਚ ਗ੍ਰਿਫ਼ਤਾਰ 16 ਉਮੀਦਵਾਰਾਂ ਨੂੰ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਦਲਜੀਤ ਕੌਰ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 20-20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇਕ-ਇਕ ਜ਼ਮਾਨਤੀ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਇਨ੍ਹਾਂ ਉਮੀਦਵਾਰਾਂ ਖ਼ਿਲਾਫ਼ ਸਾਈਬਰ ਕ੍ਰਾਈਮ ਥਾਣਾ ਫਰੀਦਕੋਟ ਵਿੱਚ 20 ਜੁਲਾਈ ਨੂੰ ਸੂਚਨਾ ਤਕਨਾਲੋਜੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਮਾਮਲਾ 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ। ਪ੍ਰੀਖਿਆ ਦੌਰਾਨ ਕੁਝ ਉਮੀਦਵਾਰਾਂ ਵੱਲੋਂ ਇਲੈਕਟ੍ਰਾਨਿਕ ਉਪਕਰਨਾਂ ਰਾਹੀਂ ਕਥਿਤ ਨਕਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਕੁਝ ਉਮੀਦਵਾਰਾਂ ਕੋਲੋਂ ਬਲੂਟੁੱਥ ਰਿਸੀਵਰ ਅਤੇ ਛੋਟੇ ਈਅਰਪੀਸ ਮਿਲਣ ਦਾ ਦਾਅਵਾ ਕੀਤਾ ਗਿਆ ਸੀ।
ਜ਼ਮਾਨਤ ਦੀ ਪੈਰਵੀ ਕਰ ਰਹੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕੁਝ ਮੁਲਜ਼ਮਾਂ ਦੇ ਨਾਮ ਮੂਲ ਐੱਫਆਈਆਰ ਵਿੱਚ ਦਰਜ ਨਹੀਂ ਸਨ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਨਾਮਜ਼ਦ ਕੀਤਾ ਗਿਆ। ਕੁਝ ਉਮੀਦਵਾਰਾਂ ਦੀ ਨਿੱਜੀ ਤਲਾਸ਼ੀ ਦੌਰਾਨ ਕੋਈ ਇਲੈਕਟ੍ਰਾਨਿਕ ਉਪਕਰਨ ਜਾਂ ਹੋਰ ਇਤਰਾਜ਼ਯੋਗ ਵਸਤੂ ਬਰਾਮਦ ਨਾ ਹੋਣ ਦੀ ਦਲੀਲ ਵੀ ਦਿੱਤੀ ਗਈ। ਵਕੀਲਾਂ ਨੇ ਇਹ ਵੀ ਕਿਹਾ ਕਿ ਐੱਫਆਈਆਰ ਵਿੱਚ ਕੁਝ ਮੁਲਜ਼ਮਾਂ ਦੇ ਰੋਲ ਨੰਬਰ ਤੱਕ ਦਰਜ ਨਹੀਂ ਸਨ।
ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ ਗੰਭੀਰ ਹਨ, ਪਰ ਸਿਰਫ਼ ਦੋਸ਼ਾਂ ਦੀ ਗੰਭੀਰਤਾ ਨੂੰ ਜ਼ਮਾਨਤ ਤੋਂ ਇਨਕਾਰ ਕਰਨ ਦਾ ਇਕੋ-ਇਕ ਆਧਾਰ ਨਹੀਂ ਬਣਾਇਆ ਜਾ ਸਕਦਾ। ਇਸ ਤੋਂ ਬਾਅਦ ਅਦਾਲਤ ਨੇ 16 ਉਮੀਦਵਾਰਾਂ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ।