- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਜੀ ਨੇ ਕਿਹਾ ਕਿ ਹੁਣ ਤਕ ਗ੍ਰਿਫ਼ਤਾਰ ਕੀਤੇ ਗਏ 26 ਵਿਅਕਤੀਆਂ ਤੋਂ ਇਲਾਵਾ ਚਾਰ ਹੋਰ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਇਕ ਦੀ ਪਛਾਣ ਹਰਿਆਣਾ ਦੇ ਭਿਵਾਨੀ ਨਿਵਾਸੀ ਸਾਜਨ ਵਜੋਂ ਹੋਈ ਹੈ ਜਦਕਿ ਬਾਕੀ ਤਿੰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਹਰਪ੍ਰੀਤ ਚਾਨਾ, ਸ਼ਿਵ ਸ਼ਰਮਾ ਪੰਜਾਬੀ ਜਾਗਰਣ ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੌਰਾਨ ਸਾਹਮਣੇ ਆਏ ਹਾਈਟੈੱਕ ਅੰਤਰਰਾਜੀ ਨਕਲ ਗਿਰੋਹ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਚਾਰ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਫ਼ਰੀਦਕੋਟ ਰੇਂਜ ਪੁਲਿਸ, ਫ਼ਿਰੋਜ਼ਪੁਰ ਰੇਂਜ ਪੁਲਿਸ ਅਤੇ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵਿੰਗ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋਂ ਬਰਾਮਦ ਇਲੈਕਟ੍ਰਾਨਿਕ ਉਪਕਰਨਾਂ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ।
ਫ਼ਰੀਦਕੋਟ ਰੇਂਜ ਦੀ ਆਈਜੀ ਨੀਲਾਂਬਰੀ ਜਗਦਲੇ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਤਵਾਰ ਨੂੰ ਇਸ ਮਾਮਲੇ ਵਿੱਚ ਸੱਤ ਕਥਿਤ ਸੰਚਾਲਕਾਂ ਅਤੇ 28 ਪ੍ਰੀਖਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਪੁੱਛਗਿੱਛ ਤੋਂ ਬਾਅਦ ਛੇ ਸਾਜ਼ਿਸ਼ਘਾਰਿਆਂ ਤੇ 20 ਪ੍ਰੀਖਿਆਰਥੀਆਂ ਦੀ ਭੂਮਿਕਾ ਸਾਹਮਣੇ ਆਉਣ ’ਤੇ ਕੁੱਲ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 22 ਗ੍ਰਿਫ਼ਤਾਰੀਆਂ ਫ਼ਰੀਦਕੋਟ ਪੁਲਿਸ ਅਤੇ ਚਾਰ ਫ਼ਿਰੋਜ਼ਪੁਰ ਪੁਲਿਸ ਨੇ ਕੀਤੀਆਂ ਹਨ। ਮਾਮਲੇ ਸਬੰਧੀ ਫ਼ਰੀਦਕੋਟ ਦੇ ਸਾਈਬਰ ਕਰਾਈਮ ਥਾਣੇ, ਫ਼ਿਰੋਜ਼ਪੁਰ ਕੈਂਟ ਥਾਣੇ ਅਤੇ ਕੁਲਗੜ੍ਹੀ ਥਾਣੇ 'ਚ ਕੇਸ ਦਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਪੁੱਛਗਿੱਛ ਰਾਹੀਂ ਹੋਰ ਸ਼ਾਮਲ ਵਿਅਕਤੀਆਂ ਅਤੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਆਈਜੀ ਨੇ ਕਿਹਾ ਕਿ ਹੁਣ ਤਕ ਗ੍ਰਿਫ਼ਤਾਰ ਕੀਤੇ ਗਏ 26 ਵਿਅਕਤੀਆਂ ਤੋਂ ਇਲਾਵਾ ਚਾਰ ਹੋਰ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਇਕ ਦੀ ਪਛਾਣ ਹਰਿਆਣਾ ਦੇ ਭਿਵਾਨੀ ਨਿਵਾਸੀ ਸਾਜਨ ਵਜੋਂ ਹੋਈ ਹੈ ਜਦਕਿ ਬਾਕੀ ਤਿੰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਪ੍ਰੀਖਿਆਰਥੀ ਨੇ ਪੈੱਨ ਕੈਮਰੇ ਰਾਹੀਂ ਪ੍ਰਸ਼ਨ ਪੱਤਰ ਸਕੈਨ ਕਰ ਕੇ ਹਰਿਆਣਾ ਭੇਜਿਆ, ਜਿੱਥੋਂ ਇਹ ਰਾਜਸਥਾਨ ਦੇ ਪੇਪਰ ਸਾਲਵਰ ਕੋਲ ਪਹੁੰਚਿਆ। ਇਸ ਤੋਂ ਬਾਅਦ ਉੱਤਰ ਫ਼ਰੀਦਕੋਟ 'ਚ ਕਥਿਤ ਮਾਸਟਰਮਾਈਂਡ ਗੁਰਮੀਤ ਸਿੰਘ ਦੇ ਘਰ ਬਣਾਏ ਗਏ ਅਸਥਾਈ ਕੰਟਰੋਲ ਰੂਮ ਵਿੱਚ ਭੇਜੇ ਗਏ, ਜਿੱਥੋਂ ਬਲੂਟੁੱਥ ਉਪਕਰਨਾਂ ਰਾਹੀਂ ਪ੍ਰੀਖਿਆਰਥੀਆਂ ਤੱਕ ਪਹੁੰਚਾਏ ਜਾਂਦੇ ਸਨ।
ਆਈਜੀ ਨੇ ਸਪੱਸ਼ਟ ਕੀਤਾ ਕਿ ਹੁਣ ਤਕ ਦੀ ਜਾਂਚ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਜਾਂ ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਦੇ ਕਿਸੇ ਅਧਿਕਾਰੀ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਉਪਕਰਨਾਂ ਦੀ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਉਸ ਤੋਂ ਹੋਰ ਮਹੱਤਵਪੂਰਨ ਸਬੂਤ ਮਿਲਣ ਦੀ ਉਮੀਦ ਹੈ।
ਇਸੇ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਰਵਿੰਦ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਪੁਲਿਸ ਜਾਂਚ ਵਿੱਚ ਅਜੇ ਤੱਕ ਪ੍ਰਸ਼ਨ ਪੱਤਰ ਲੀਕ ਹੋਣ ਦੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨੀਕੀ ਉਪਕਰਨਾਂ ਦੀ ਮਦਦ ਨਾਲ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਫਾਰਮੇਸੀ ਅਫ਼ਸਰਾਂ ਦੇ 454 ਤੋਂ ਵੱਧ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਕਰਵਾਈ ਸੀ, ਜਿਸ ਵਿੱਚ 6,474 ਉਮੀਦਵਾਰਾਂ ਨੇ ਹਿੱਸਾ ਲਿਆ। ਇਸ ਮਾਮਲੇ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇਗੀ।