ਫਰੀਦਕੋਟ ’ਚ ਗਰਮੀ ਦਾ ਕਹਿਰ, ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਫਰੀਦਕੋਟ ਵਿੱਚ ਗਰਮੀ ਦਾ ਕਹਿਰ: ਪ੍ਰਸ਼ਾਸਨ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ
Publish Date: Mon, 29 Jun 2026 06:11 PM (IST)
Updated Date: Mon, 29 Jun 2026 06:13 PM (IST)
ਪ੍ਰਸ਼ਾਸਨ ਵੱਲੋਂ ਲੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਤੇਜ਼ ਧੁੱਪ ਅਤੇ ਚੱਲ ਰਹੀਆਂ ਗਰਮ ਹਵਾਵਾਂ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਦੁਪਹਿਰ ਦੇ ਸਮੇਂ ਬਾਜ਼ਾਰਾਂ ਵਿੱਚ ਸੰਨਾਟਾ ਪਸਰਿਆ ਰਹਿੰਦਾ ਹੈ। ਇਸ ਸਥਿਤੀ ਨੂੰ ਦੇਖਦਿਆਂ ਸਿਹਤ ਮਾਹਿਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਖ਼ਤ ਸਲਾਹ ਦਿੱਤੀ ਹੈ ਕਿ ਉਹ ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਿਕਲਣ। ਇਸ ਤੋਂ ਇਲਾਵਾ, ਸਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਪੂਰੀ ਸਾਵਧਾਨੀ ਵਰਤਣ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਲਈ ਕਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਾਜਨ ਸਿੰਗਲਾ ਨੇ ਦੱਸਿਆ ਕਿ, ਵੱਧ ਰਹੀ ਗਰਮੀ ਕਾਰਨ (ਪਾਣੀ ਦੀ ਕਮੀ) ਅਤੇ ਹੀਟ ਸਟ੍ਰੋਕ (ਲੂ ਲੱਗਣ) ਦਾ ਖਤਰਾ ਕਾਫੀ ਵੱਧ ਗਿਆ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਸਿਰ ਢੱਕ ਕੇ ਰੱਖਣ, ਸੂਤੀ ਕੱਪੜੇ ਪਾਉਣ ਅਤੇ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ ਜਾਂ ਓ.ਆਰ.ਐਸ. ਦੇ ਘੋਲ ਦਾ ਸੇਵਨ ਕਰਨ। ਜੇਕਰ ਕਿਸੇ ਨੂੰ ਚੱਕਰ ਆਉਣ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਵੇ ਜਾਂ ਉਲਟੀਆਂ ਲੱਗਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਮਾਜ ਸੇਵੀ ਦਵਿੰਦਰ ਕੁਮਾਰ ਨੇ ਕਿਹਾ ਕਿ ਸਮਾਜ ਦੇ ਹਰ ਨਾਗਰਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਭਿਆਨਕ ਗਰਮੀ ਵਿੱਚ ਆਪਣੇ ਨਾਲ-ਨਾਲ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਵੀ ਖਿਆਲ ਰੱਖਣ। ਪਸ਼ੂਆਂ ਨੂੰ ਛਾਂਦਾਰ ਥਾਵਾਂ ਤੇ ਬੰਨ੍ਹਿਆ ਜਾਵੇ ਅਤੇ ਉਨ੍ਹਾਂ ਨੂੰ ਦਿਨ ਵਿੱਚ ਕਈ ਵਾਰ ਤਾਜ਼ਾ ਤੇ ਸਾਫ਼ ਪਾਣੀ ਪਿਲਾਇਆ ਜਾਵੇ। ਇਸ ਤੋਂ ਇਲਾਵਾ, ਘਰਾਂ ਦੀਆਂ ਛੱਤਾਂ ਅਤੇ ਬਾਲਕੋਨੀਆਂ ਵਿੱਚ ਪੰਛੀਆਂ ਲਈ ਪਾਣੀ ਦੇ ਭਰੇ ਹੋਏ ਕੁੱਜੇ ਜਾਂ ਖੁੱਲ੍ਹੇ ਭਾਂਡੇ ਰੱਖਣਾ ਇੱਕ ਬਹੁਤ ਹੀ ਨੇਕ ਕੰਮ ਹੈ, ਜੋ ਇਨ੍ਹਾਂ ਪੰਛੀਆਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਨਾਲ ਹੀ ਉਹਨਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦਾ ਵੀ ਖਿਆਲ ਰੱਖਿਆ ਜਾਵੇ, ਉਹਨਾਂ ਵਾਸਤੇ ਵੀ ਪਾਣੀ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਜਿਸ ਨਾਲ ਉਹ ਵੀ ਆਪਣੀ ਪਿਆਸ ਬੁਝਾ ਸਕਣ।