- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਤੇ ਹੁੰਮਸ ਨੇ ਲੋਕਾਂ ਦੇ ਕੱਢੇ ਵੱਟ, ਉਪਰੋਂ ਬਿਜਲੀ ਕੱਟਾਂ ਨੇ ਵਧਾਈਆਂ ਮੁਸ਼ਕਲਾਂ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਮਾਲਵਾ ਖੇਤਰ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਲਗਾਤਾਰ ਵਧ ਰਹੀ ਹੁੰਮਸ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਝੰਝੋੜ ਕੇ ਰੱਖ ਦਿੱਤਾ ਹੈ। ਹਾਲ ਹੀ ਵਿੱਚ ਹੋਈ ਹਲਕੀ ਬਾਰਿਸ਼ ਤੋਂ ਬਾਅਦ ਵੀ ਤਪਦੀ ਧੁੱਪ ਅਤੇ ਹਵਾ ਵਿੱਚ ਵਧੀ ਨਮੀ ਕਾਰਨ ਹੁੰਮਸ ਦਾ ਪ੍ਰਭਾਵ ਹੋਰ ਵੀ ਤੀਖਾ ਹੋ ਗਿਆ ਹੈ, ਜਿਸ ਨਾਲ ਦਿਨ ਦੇ ਸਮੇਂ ਘਰੋਂ ਬਾਹਰ ਨਿਕਲਣਾ ਲੋਕਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਹਿ ਗਿਆ। ਗਰਮੀ ਦੇ ਵਧਦੇ ਪ੍ਰਭਾਵ ਕਾਰਨ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਵਰਤੋਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਬਿਜਲੀ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ਵਿੱਚ ਅਣਐਲਾਨੇ ਅਤੇ ਵਾਰ-ਵਾਰ ਆਉਣ ਵਾਲੇ ਬਿਜਲੀ ਕੱਟਾਂ ਨੇ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਰਾਤ ਦੇ ਸਮੇਂ ਕਈ ਘੰਟਿਆਂ ਤੱਕ ਬਿਜਲੀ ਗੁੱਲ ਰਹਿਣ ਕਾਰਨ ਲੋਕ ਨੀਂਦ ਦੀ ਕਮੀ ਅਤੇ ਅਸੁਵਿਧਾ ਦਾ ਸਾਹਮਣਾ ਕਰ ਰਹੇ ਹਨ। ਦਿਨ ਦੇ ਸਮੇਂ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ, ਜਦਕਿ ਲੋਕ ਗਰਮੀ ਤੋਂ ਬਚਣ ਲਈ ਘਰਾਂ ਅੰਦਰ ਰਹਿਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਉੱਘੇ ਸਮਾਜ ਸੇਵੀ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ, ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’, ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’, ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ‘ਵਿੱਕੀ ਮੱਕੜ’, ਇਨਸਾਨੀਅਤ ਕਲੱਬ ਜੈਤੋ ਦੇ ਪ੍ਰਧਾਨ ਅੰਮ੍ਰਿਤ ਅਰੋੜਾ ਅਤੇ ਹੋਰਾਂ ਨੇ ਦੱਸਿਆ ਕਿ ਲਗਾਤਾਰ ਬਿਜਲੀ ਬੰਦ ਹੋਣ ਕਾਰਨ ਨਾ ਸਿਰਫ਼ ਦਿਨਚਰਿਆ ਪ੍ਰਭਾਵਿਤ ਹੋ ਰਹੀ ਹੈ ਸਗੋਂ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਵੀ ਹਾਲਾਤ ਹੋਰ ਗੰਭੀਰ ਬਣ ਰਹੇ ਹਨ। ਇਸ ਕੜੀ ਗਰਮੀ ਦਾ ਸਭ ਤੋਂ ਵੱਧ ਪ੍ਰਭਾਵ ਖੇਤੀ ਮਜ਼ਦੂਰਾਂ ‘ਤੇ ਪੈ ਰਿਹਾ ਹੈ, ਜੋ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਖੇਤਾਂ ਵਿੱਚ ਪਾਣੀ ਵਿੱਚ ਖੜ੍ਹ ਕੇ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜ਼ਬੂਰ ਹਨ। ਤਿੱਖੀ ਧੁੱਪ, ਹੁੰਮਸ ਅਤੇ ਗਰਮ ਹਵਾ ਕਾਰਨ ਉਨ੍ਹਾਂ ਨੂੰ ਲਗਾਤਾਰ ਥਕਾਵਟ, ਸਿਰ ਦਰਦ, ਚੱਕਰ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਖੇਤੀ ਸੀਜ਼ਨ ਦੀ ਮਜ਼ਬੂਰੀ ਕਾਰਨ ਉਹ ਕੰਮ ਛੱਡਣ ਦੇ ਯੋਗ ਨਹੀਂ ਹਨ। ਗਰਮੀ ਦਾ ਅਸਰ ਸਿਰਫ਼ ਮਨੁੱਖਾਂ ਤੱਕ ਸੀਮਿਤ ਨਹੀਂ ਰਹਿ ਗਿਆ, ਸਗੋਂ ਪਸ਼ੂਆਂ ਅਤੇ ਪੰਛੀਆਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ। ਪਸ਼ੂ ਛਾਂ ਅਤੇ ਠੰਢੇ ਪਾਣੀ ਦੀ ਭਾਲ ਕਰ ਰਹੇ ਹਨ, ਜਦਕਿ ਪੰਛੀਆਂ ਲਈ ਪਾਣੀ ਦੀ ਘਾਟ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਪਸ਼ੂ ਪਾਲਕਾਂ ਅਨੁਸਾਰ ਗਰਮੀ ਦੇ ਕਾਰਨ ਦੁੱਧ ਉਤਪਾਦਨ ਵਿੱਚ ਵੀ ਸਪਸ਼ਟ ਕਮੀ ਦਰਜ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ’ਤੇ ਵੀ ਅਸਰ ਪੈ ਰਿਹਾ ਹੈ। ਉਧਰ ਸ਼ਾਮ ਦੇ ਸਮੇਂ ਸ਼ਹਿਰ ਅਤੇ ਪਿੰਡਾਂ ਵਿੱਚ ਠੰਢੇ ਪਦਾਰਥਾਂ ਦੀਆਂ ਰੇਹੜੀਆਂ ਜਿਵੇਂ ਕੁਲਫ਼ੀ, ਆਈਸਕ੍ਰੀਮ, ਲੱਸੀ, ਗੰਨੇ ਦਾ ਰਸ ਅਤੇ ਜੂਸ ਆਦਿ ’ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕ ਗਰਮੀ ਤੋਂ ਕੁਝ ਰਾਹਤ ਲੈਣ ਲਈ ਇਹਨਾਂ ਠੰਢੇ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ। ਗਰਮੀ ਨਾਲ ਸਬੰਧਤ ਬਿਮਾਰੀਆਂ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਹਸਪਤਾਲਾਂ ਵਿੱਚ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਹੋਰ ਗਰਮੀ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਲੋਕਾਂ ਨੂੰ ਸਖ਼ਤ ਸਲਾਹ ਦਿੱਤੀ ਹੈ ਕਿ ਦੁਪਹਿਰ ਦੇ ਸਮੇਂ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ, ਹਲਕੇ ਅਤੇ ਸੂਤੀ ਕੱਪੜੇ ਪਹਿਨਣ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਗਰਮੀ ਅਤੇ ਹੁੰਮਸ ਤੋਂ ਕਿਸੇ ਵੱਡੀ ਰਾਹਤ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਹੋਰ ਵਧ ਗਈ ਹੈ। ਇਸੇ ਦੌਰਾਨ ਰਾਜਨੀਤਿਕ ਗਰਮਾਹਟ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਰਾਜ ਪ੍ਰਧਾਨ ਸੂਬਾ ਸਿੰਘ ਬਾਦਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਪੰਜਾਬ ਸਰਕਾਰ ਦੀ ਬਿਜਲੀ ਨੀਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਲਗਾਤਾਰ ਬਿਜਲੀ ਕੱਟਾਂ ਅਤੇ ਅਣਐਲਾਨੇ ਸ਼ਟਡਾਊਨ ਕਾਰਨ ਆਮ ਲੋਕਾਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ, ਜਿਸ ਕਾਰਨ ਲੋਕਾਂ ਵਿੱਚ ਰੋਸ ਵਧ ਰਿਹਾ ਹੈ।