- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਨਜੀਤ ਚੰਨੀ ਦੇ ਹੱਕ ’ਚ ਹਰਪ੍ਰੀਤ ਡੋਡ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਅੰਦਰ ਨਾਰਾਜ਼ਗੀ ਦੇ ਸੁਰ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਇਸੇ ਤਹਿਤ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ (ਆਸਟ੍ਰੇਲੀਆ) ਦੇ ਪ੍ਰਧਾਨ ਹਰਪ੍ਰੀਤ ਸਿੰਘ ਡੋਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਪਾਰਟੀ ਹਾਈਕਮਾਨ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਵੱਡੇ ਹਿੱਸੇ ਦੇ ਆਗੂ ਅਤੇ ਜ਼ਮੀਨੀ ਪੱਧਰ ਦੇ ਵਰਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਦੇ ਹੱਕ ਵਿੱਚ ਸਨ, ਪਰ ਹਾਈਕਮਾਨ ਨੇ ਉਨ੍ਹਾਂ ਦੀਆਂ ਭਾਵਨਾ ਨੂੰ ਅਣਡਿੱਠਾ ਕਰ ਦਿੱਤਾ। ਹਰਪ੍ਰੀਤ ਸਿੰਘ ਡੋਡ ਨੇ ਕਿਹਾ ਕਿ ਉਨ੍ਹਾਂ ਨੇ ਇਹ ਅਸਤੀਫਾ ਕਿਸੇ ਨਿੱਜੀ ਕਾਰਨ ਕਰਕੇ ਨਹੀਂ, ਸਗੋਂ ਪਾਰਟੀ ਦੇ ਵਫ਼ਾਦਾਰ ਵਰਕਰਾਂ ਦੀ ਭਾਵਨਾ ਅਤੇ ਆਪਣੇ ਸਿਧਾਂਤਾਂ ਦੇ ਸਨਮਾਨ ਲਈ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਕਾਂਗਰਸ ਦੇ ਲਗਭਗ 90 ਫ਼ੀਸਦੀ ਆਗੂ ਅਤੇ ਵਰਕਰ ਚਰਨਜੀਤ ਸਿੰਘ ਚੰਨੀ ਨੂੰ ਸੂਬਾ ਪ੍ਰਧਾਨ ਦੇ ਤੌਰ ’ਤੇ ਦੇਖਣਾ ਚਾਹੁੰਦੇ ਸਨ, ਕਿਉਂਕਿ ਚੰਨੀ ਨੇ ਆਪਣੇ ਰਾਜਨੀਤਿਕ ਜੀਵਨ ਦੌਰਾਨ ਆਮ ਵਰਕਰਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਿਆ ਅਤੇ ਹਰ ਵਰਗ ਦੀ ਆਵਾਜ਼ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਆਪਣੇ ਭਾਵੇਂ ਥੋੜ੍ਹੇ ਸਮੇਂ ਦੇ ਕਾਰਜਕਾਲ ਦੌਰਾਨ ਹੀ ਜ਼ਿੰਮੇਵਾਰੀ ਨਿਭਾਈ, ਪਰ ਉਸ ਸਮੇਂ ਦੌਰਾਨ ਕਈ ਅਹਿਮ ਅਤੇ ਇਤਿਹਾਸਕ ਫ਼ੈਸਲੇ ਲੈ ਕੇ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦਾ ਦਾਅਵਾ ਸੀ ਕਿ ਚੰਨੀ ਨੇ ਲੋਕ-ਹਿਤ ਨਾਲ ਜੁੜੇ ਕਈ ਕਦਮ ਚੁੱਕੇ, ਜਿਨ੍ਹਾਂ ਨੂੰ ਅੱਜ ਵੀ ਆਮ ਲੋਕ ਅਤੇ ਕਾਂਗਰਸੀ ਵਰਕਰ ਯਾਦ ਕਰਦੇ ਹਨ। ਇਸੇ ਕਾਰਨ ਉਹ ਅੱਜ ਵੀ ਪੰਜਾਬ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਵਿੱਚ ਇੱਕ ਹਰਮਨਪਿਆਰੇ ਆਗੂ ਵਜੋਂ ਮੰਨੇ ਜਾਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਹਾਈਕਮਾਨ ਨੇ ਫ਼ੈਸਲਾ ਲੈਂਦੇ ਸਮੇਂ ਜ਼ਮੀਨੀ ਹਕੀਕਤਾਂ ਅਤੇ ਵਰਕਰਾਂ ਦੀ ਰਾਇ ਨੂੰ ਲੋੜੀਂਦੀ ਤਵੱਜੋ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸਿਆਸੀ ਪਾਰਟੀ ਵਿੱਚ ਵਰਕਰਾਂ ਦੀ ਭਾਵਨਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਸੰਗਠਨ ਦੀ ਏਕਤਾ ਅਤੇ ਭਵਿੱਖ ਦੀ ਕਾਰਗੁਜ਼ਾਰੀ ’ਤੇ ਪੈਂਦਾ ਹੈ। ਹਰਪ੍ਰੀਤ ਸਿੰਘ ਡੋਡ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਲੋਕਾਂ ਨਾਲ ਸਿੱਧਾ ਜੁੜਾਅ ਬਣਾਇਆ ਅਤੇ ਅੱਜ ਵੀ ਉਹ ਕਾਂਗਰਸ ਦੇ ਆਮ ਵਰਕਰਾਂ ਅਤੇ ਲੋਕਾਂ ਵਿੱਚ ਇੱਕ ਲੋਕਪ੍ਰਿਯ ਆਗੂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚੰਨੀ ਨੂੰ ਸੂਬਾ ਪ੍ਰਧਾਨ ਬਣਾਉਣ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲ ਸਕਦੀ ਸੀ ਅਤੇ ਸੰਗਠਨ ਨੂੰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹੋਰ ਮਜ਼ਬੂਤੀ ਮਿਲਦੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਕਾਂਗਰਸੀ ਵਰਕਰ ਵੀ ਚੰਨੀ ਦੀ ਅਗਵਾਈ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਦੀ ਉਮੀਦ ਕਰ ਰਹੇ ਸਨ। ਪਰ ਜਦੋਂ ਪਾਰਟੀ ਵੱਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤਾਂ ਵਿਦੇਸ਼ਾਂ ਵਿੱਚ ਵੀ ਕਾਂਗਰਸੀ ਵਰਕਰਾਂ ਵਿੱਚ ਨਿਰਾਸ਼ਾ ਦੀ ਲਹਿਰ ਹੈ। ਹਰਪ੍ਰੀਤ ਸਿੰਘ ਡੋਡ ਨੇ ਕਿਹਾ ਕਿ ਉਹ ਪਾਰਟੀ ਦੇ ਸਧਾਰਨ ਵਰਕਰ ਵਜੋਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਰਹਿਣਗੇ, ਪਰ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ (ਆਸਟ੍ਰੇਲੀਆ) ਦੇ ਪ੍ਰਧਾਨ ਵਜੋਂ ਕੰਮ ਕਰਨਾ ਉਨ੍ਹਾਂ ਲਈ ਨੈਤਿਕ ਤੌਰ ’ਤੇ ਸੰਭਵ ਨਹੀਂ ਰਿਹਾ। ਇਸ ਲਈ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੇ ਫ਼ੈਸਲੇ ਲੈਂਦੇ ਸਮੇਂ ਜ਼ਮੀਨੀ ਪੱਧਰ ਦੇ ਵਰਕਰਾਂ, ਜ਼ਿਲ੍ਹਾ ਇਕਾਈਆਂ ਅਤੇ ਸੀਨੀਅਰ ਆਗੂਆਂ ਦੀ ਰਾਇ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਸੰਗਠਨ ਹੋਰ ਮਜ਼ਬੂਤ ਹੋ ਸਕੇ ਅਤੇ ਵਰਕਰਾਂ ਦਾ ਭਰੋਸਾ ਕਾਇਮ ਰਹੇ। ਉਧਰ ਹਰਪ੍ਰੀਤ ਸਿੰਘ ਡੋਡ ਦੇ ਅਸਤੀਫੇ ਤੋਂ ਬਾਅਦ ਓਵਰਸੀਜ਼ ਕਾਂਗਰਸ ਦੇ ਵਰਕਰਾਂ ਵਿੱਚ ਵੀ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਿਆਸੀ ਹਲਕਿਆਂ ਵਿੱਚ ਇਸ ਘਟਨਾਕ੍ਰਮ ਨੂੰ ਪੰਜਾਬ ਕਾਂਗਰਸ ਅੰਦਰ ਉੱਭਰ ਰਹੀ ਨਾਰਾਜ਼ਗੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਨ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਂਦੀ ਹੈ ਅਤੇ ਨਾਰਾਜ਼ ਵਰਕਰਾਂ ਨੂੰ ਮਨਾਉਣ ਲਈ ਅੱਗੇ ਕੀ ਕਦਮ ਚੁੱਕਦੀ ਹੈ।