ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਤਾਰ ਤੇ ਕਿਰਦਾਰ ਕੈਂਪ ਲਾਇਆ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਦਸਤਾਰ ਅਤੇ ਕਿਰਦਾਰ ਕੈਂਪ ਲਗਾਇਆ
Publish Date: Sun, 28 Jun 2026 05:39 PM (IST)
Updated Date: Sun, 28 Jun 2026 05:40 PM (IST)

ਸੱਤ ਰੋਜ਼ਾ ਕੈਂਪ ਦੌਰਾਨ ਦਸਤਾਰ ਸਜਾਉਣ ਦੀ ਸਿਖਲਾਈ ਦੇ ਨਾਲ ਸਿੱਖੀ ਵਿਰਸੇ ਨਾਲ ਜੋੜਿਆ ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਸਿੱਖ ਧਰਮ ਦੀ ਮਹਾਨ ਵਿਰਾਸਤ ਦਸਤਾਰ ਦੀ ਮਹੱਤਤਾ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਅਤੇ ਬੱਚਿਆਂ ਤੇ ਨੌਜਵਾਨਾਂ ਵਿੱਚ ਚੰਗੇ ਕਿਰਦਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਸਿੱਖੀ ਜੀਵਨ-ਜਾਂਚ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਪਿੰਡ ਚੰਦਭਾਨ ਦੇ ਗੁਰਦੁਆਰਾ ਸਾਹਿਬ ਵਿਖੇ ਸੱਤ ਰੋਜ਼ਾ ਦਸਤਾਰ ਅਤੇ ਕਿਰਦਾਰ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਦਸਤਾਰ ਸਜਾਉਣ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੈਤੋ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ, ਤਾਂ ਜੋ ਬੱਚੇ ਆਪਣੀ ਵਿਰਾਸਤ, ਇਤਿਹਾਸ ਅਤੇ ਸੰਸਕਾਰਾਂ ਨੂੰ ਸਮਝ ਸਕਣ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਹਰ ਰੋਜ਼ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਟੱਡੀ ਸਰਕਲ ਦੇ ਦਸਤਾਰ ਕੋਚ ਵੀਰ ਰਵਿੰਦਰ ਸਿੰਘ ਦਾਰਾ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਖ-ਵੱਖ ਡਿਜ਼ਾਈਨਾਂ ਦੀਆਂ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦਸਤਾਰ ਦੇ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਮਹੱਤਵ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੂੰ ਦੱਸਿਆ ਗਿਆ ਕਿ ਦਸਤਾਰ ਸਿਰਫ਼ ਸਿਰ ਨੂੰ ਢੱਕਣ ਵਾਲਾ ਪਹਿਰਾਵਾ ਨਹੀਂ, ਸਗੋਂ ਸਿੱਖ ਪਹਿਚਾਣ, ਸਵੈ-ਮਾਣ, ਸਿਧਾਂਤਾਂ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਆਪਣੀ ਵਿਰਾਸਤ ਪ੍ਰਤੀ ਸਤਿਕਾਰ ਅਤੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ’ਤੇ ਵੀ ਵਿਚਾਰ ਸਾਂਝੇ ਕੀਤੇ ਗਏ। ਕੈਂਪ ਦੀ ਸਮਾਪਤੀ ਮੌਕੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਸ਼ਾਮਲ ਹੋਏ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਤਮਗੇ ਅਤੇ ਉਸਾਰੂ ਸਾਹਿਤ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਮੋਹਕਮ ਸਿੰਘ, ਪ੍ਰਧਾਨ ਬਲਦੇਵ ਸਿੰਘ, ਸਾਬਕਾ ਪ੍ਰਧਾਨ ਗੁਰਤੇਜ ਸਿੰਘ, ਲੀਲਾ ਸਿੰਘ ਫੌਜੀ, ਗੁਰਪਿਆਰ ਸਿੰਘ, ਕੌਰਾ ਸਿੰਘ ਗ੍ਰੰਥੀ, ਜਗਜੀਤ ਸਿੰਘ, ਜਸਵੰਤ ਸਿੰਘ, ਡਾ. ਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਮਾੜਾ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਖ਼ਜ਼ਾਨਚੀ ਬਾਬਾ ਬਲਵੀਰ ਸਿੰਘ ਸਮੇਤ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਟੱਡੀ ਸਰਕਲ ਦੇ ਖੇਤਰ ਸਕੱਤਰ ਕੁਲਵਿੰਦਰ ਸਿੰਘ, ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਅਤੇ ਜ਼ੋਨਲ ਸਕੱਤਰ ਗੁਰਚਰਨ ਸਿੰਘ ਨੇ ਵੀ ਇਸ ਸੇਵਾ ਕਾਰਜ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਖੇਤਰ ਪ੍ਰਧਾਨ ਤੇਜ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਅਤੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਚੰਗੇ ਸੰਸਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ।