ਨਗਰ ਕੌਸਲ ਕੋਟਕਪੂਰਾ ਦੇ ਪ੍ਰਧਾਨ ਬਣੇ ਗੁਰਪ੍ਰੀਤ ਸਿੰਘ ਗੈਰੀ ਵੜਿੰਗ
ਨਗਰ ਕੌਸਲ ਕੋਟਕਪੂਰਾ ਦੇ ਪ੍ਰਧਾਨ ਬਣੇ ਗੁਰਪ੍ਰੀਤ ਸਿੰਘ ਗੈਰੀ ਵੜਿੰਗ
Publish Date: Tue, 23 Jun 2026 07:18 PM (IST)
Updated Date: Wed, 24 Jun 2026 04:05 AM (IST)

ਸੁਪਰਡੈਂਟ ਸੁਖਜਿੰਦਰ ਸਿੰਘ ਤੱਖੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 22 ਤੋਂ ਨਿਰਵਿਰੋਧ ਕੋਂਸਲਰ ਚੁਣੇ ਗਏ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਅੱਜ ਕੋਂਸਲਰਾਂ ਦੀ ਵੋਟਿੰਗ ਦੌਰਾਨ 29 ਵਿੱਚੋੋਂ 16 ਵੋਟਾਂ ਲੈ ਕੇ ਪ੍ਰਧਾਨ ਬਣ ਗਏ। ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਹਾਜਰੀ ਵਿੱਚ ਹੋਈ ਉਕਤ ਚੋਣ ਦੌਰਾਨ ਗੈਰੀ ਵੜਿੰਗ ਤੋਂ ਇਲਾਵਾ ਸੁਪਰਡੈਂਟ ਸੁਖਜਿੰਦਰ ਸਿੰਘ ਤੱਖੀ ਸੀਨੀਅਰ ਮੀਤ ਪ੍ਰਧਾਨ ਅਤੇ ਮੈਡਮ ਅਨੀਤਾ ਅਰੋੜਾ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ। ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਾਰੀ ਚੋਣ ਪ੍ਰਕਿਰਿਆ ਬੜੀ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ। ਮੰਤਰੀ ਮੁੰਡੀਆਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਆਖਦਿਆਂ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰਅੰਦੇਸ਼ੀ ਸੋਚ ਮੁਤਾਬਿਕ ਪੜੇ-ਲਿਖੇ ਅਤੇ ਨੋਜਵਾਨ ਚਿਹਰੇ ਸੇਵਾਵਾਂ ਲਈ ਮੂਹਰੇ ਆ ਰਹੇ ਹਨ। ਗੈਰੀ ਵੜਿੰਗ ਨੇ ਪਾਰਟੀ ਹਾਈਕਮਾਂਡ ਸਮੇਤ ਸਪੀਕਰ ਸੰਧਵਾਂ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਸਾਰੇ ਕੋਂਸਲਰਾਂ ਦੀ ਸਹਿਮਤੀ ਨਾਲ ਸ਼ਹਿਰ ਨੂੰ ਸੋਹਣਾ, ਸੁੰਦਰ ਅਤੇ ਨਿਵੇਕਲਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਰ ਅਤੇ ਸੁਪਰਡੈਂਟ ਤੱਖੀ ਨੇ ਵੀ ਹਾਈਕਮਾਂਡ ਦਾ ਧੰਨਵਾਦ ਕੀਤਾ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨਾਲ ਸਬੰਧਤ ਕੌਂਸਲਰਾਂ ਅਤੇ ਕੁਝ ਸੱਤਾਧਾਰੀ ਧਿਰ ਦੇ ਕੋਂਸਲਰਾਂ ਨੇ ਵੀ ਇਸ ਚੋਣ ਪ੍ਰਤੀ ਇਤਰਾਜ ਪ੍ਰਗਟਾਇਆ। ਉਹਨਾਂ ਕਾਰਜ ਸਾਧਕ ਅਫਸਰ ’ਤੇ ਵਿਤਕਰੇਬਾਜੀ ਕਰਨ ਦਾ ਦੋਸ਼ ਲਾਇਆ। ਜਿਕਰਯੋਗ ਹੈ ਕਿ ਵਾਰਡ ਨੰਬਰ 10, 11 ਅਤੇ 16 ਸੀਟਾਂ ਉਪਰ ਇਕੋ ਪਰਿਵਾਰ ਦੇ ਤਿੰਨ ਮੈਂਬਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸੁਤੰਤਰ ਜੋਸ਼ੀ ਪ੍ਰਧਾਨਗੀ ਦੇ ਦਾਅਵੇਦਾਰ ਸੀ,ਪਿਛਲੇ ਪੰਜ ਸਾਲ ਸੁਤੰਤਰ ਜੋਸ਼ੀ ਨਗਰ ਕੋਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਰਹੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਉਹਨਾ ਆਪਣੀ ਕੁਰਸੀ ਦੀ ਮਜਬੂਤੀ ਰੱਖੀ ਸੀ। ਸ਼ਹਿਰ ਵਾਸੀਆਂ ਅਨੁਸਾਰ ਜੋਸ਼ੀ ਪਰਿਵਾਰ ਨਾਲ ਵਿਤਕਰਾ ਹੋਇਆ ਹੈ,ਲੋਕਾਂ ’ਚ ਚਰਚਾ ਹੈ ਕਿ ਜੋਸ਼ੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਇਸ ਲਈ ਇਸ ਪਰਿਵਾਰ ਨੂੰ ਵੀ ਇਕ ਅਹਿਮ ਅਹੱਦਾ ਦਿੱਤਾ ਜਾਣਾ ਬਣਦਾ ਹੈ ਜਿਸ ਨਾਲ ਸ਼ਹਿਰ ਵਾਸੀਆਂ ਦੀ ਹਮਦਰਦੀ ਹੋਰ ਵੱਧ ਗਈ ਹੈ। ਇਸ ਸਬੰਧੀ ਕੌਸਲਰ ਸਤੰਤਰ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੋਇਆ ਕਿ ਉਹ ਲੰਮੇ ਸਮੇਂ ਤੋਂ ਲੋਕਾਂ ਨੂੂੰ ਹਰ ਮੁਸ਼ਕਿਲ ਤੋਂ ਨਿਜਾਤ ਦਿਵਾਉਣ ਲਈ ਤੱਤਪਰ ਰਹੇ ਹਨ ਇਸ ਲਈ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲੇਗਾ।ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਨਾਲ ਸੀ ਤੇ ਨਾਲ ਰਹਿਣਗੇ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪ੍ਰਧਾਨਗੀ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੀ ਹੋਈ ਹੈ।