- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁੱਡ ਮੋਰਨਿੰਗ ਵਾਕ ਕਲੱਬ ਜੈਤੋ ਵੱਲੋਂ ਰੇਲਵੇ ਸਟੇਸ਼ਨ ਪਾਰਕ ’ਚ ਪੌਦੇ ਲਾਏ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਵਾਤਾਵਰਨ ਦੀ ਸੁਰੱਖਿਆ ਅਤੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਗੁੱਡ ਮੋਰਨਿੰਗ ਵਾਕ ਕਲੱਬ ਜੈਤੋ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਪਾਰਕ ਵਿੱਚ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਗੁੱਡ ਮੋਰਨਿੰਗ ਵਾਕ ਕਲੱਬ ਜੈਤੋ ਦੇ ਪ੍ਰਧਾਨ, ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਐੱਮ.ਡੀ. ਅਤੇ ਸ਼੍ਰੀ ਅਗਰਵਾਲ ਸਮਾਜ ਸਭਾ (ਰਜਿ.) ਜੈਤੋ ਦੇ ਪ੍ਰਧਾਨ ਸੱਤਪਾਲ ਜਿੰਦਲ ਨੇ ਆਪਣੇ ਹੱਥੀਂ ਪੌਦਾ ਲਗਾ ਕੇ ਕੀਤੀ। ਇਸ ਉਪਰੰਤ ਕਲੱਬ ਦੇ ਆਗੂਆਂ ਬਿੱਟੂ ਜੈਨ, ਰਾਕੇਸ਼ ਚੰਨੀ, ਰਾਜੇਸ਼ ਕੁਮਾਰ ਕਾਲੀ, ਨਰੇਸ਼ ਕਾਂਸਲ, ਸੁਰਿੰਦਰ ਸੱਚਦੇਵਾ, ਸ਼ਿਵਜੀ ਬਾਂਸਲ, ਸਾਬਕਾ ਕੌਂਸਲਰ ਗੁਰਦਰਸ਼ਨ ਲਾਲ ‘ਕਾਲੂ ਅਬਰੋਲ’, ਸੀਨੀਅਰ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਜਗਦੇਵ ਸਿੰਘ ‘ਗੋਰਾ ਢੱਲਾ’, ਦੀਪੂ ਗੋਇਲ, ਸੁਰਿੰਦਰ ਲਾਲਾ, ਸੋਨੂੰ ਗਰਗ ਦਬੜ੍ਹੀਖਾਨਾ ਵਾਲੇ, ਸੁਰਿੰਦਰ ਜਿੰਦਲ (ਬਿਜਲੀ ਵਾਲੇ), ਸ਼ੀਲਾ ਜਿੰਦਲ, ਵਿਜੇ ਯਾਦਵ, ਪਵਨ ਕਾਕਾ, ਲਵਲੀ ਬਾਂਸਲ, ਹੁਕਮ ਚੰਦ ਅਤੇ ਸਫ਼ਾਈ ਸੇਵਕ ਯੂਨੀਅਨ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਨੇ ਮਿਲ ਕੇ ਪਾਰਕ ਵਿੱਚ ਪੌਦੇ ਲਗਾਏ। ਇਸ ਮੌਕੇ ਸੰਬੋਧਨ ਕਰਦਿਆਂ ਕਲੱਬ ਪ੍ਰਧਾਨ ਸੱਤਪਾਲ ਜਿੰਦਲ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ। ਮਨੁੱਖ ਭਾਵੇਂ ਆਪਣੇ ਸਵਾਰਥਾਂ ਵਿੱਚ ਕਈ ਵਾਰ ਕੁਦਰਤ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ, ਪਰ ਰੁੱਖ ਹਮੇਸ਼ਾਂ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਵਾਤਾਵਰਨ ਨੂੰ ਸੰਤੁਲਿਤ ਰੱਖਣ ਦੇ ਨਾਲ-ਨਾਲ ਹਵਾ ਵਿੱਚੋਂ ਕਾਰਬਨ ਡਾਇਆਕਸਾਈਡ ਨੂੰ ਸੋਖ ਕੇ ਆਕਸੀਜਨ ਮੁਹੱਈਆ ਕਰਵਾਉਂਦੇ ਹਨ, ਜੋ ਜੀਵਨ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਧ ਰਹੇ ਪ੍ਰਦੂਸ਼ਣ, ਗਲੋਬਲ ਤਾਪਮਾਨ ਅਤੇ ਕੁਦਰਤੀ ਸੰਤੁਲਨ ਨੂੰ ਪੈ ਰਹੇ ਖ਼ਤਰੇ ਦੇ ਮੱਦੇਨਜ਼ਰ ਹਰੇਕ ਵਿਅਕਤੀ ਨੂੰ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਸਿਰਫ਼ ਪੌਦਾ ਲਗਾਉਣਾ ਹੀ ਨਹੀਂ, ਸਗੋਂ ਉਸ ਨੂੰ ਵੱਡਾ ਕਰਨਾ ਵੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰੁੱਖ ਮਨੁੱਖ ਦੇ ਜਨਮ ਤੋਂ ਲੈ ਕੇ ਜੀਵਨ ਦੇ ਹਰ ਪੜਾਅ ’ਤੇ ਉਸ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਇਹ ਸਾਨੂੰ ਛਾਂ, ਫ਼ਲ, ਲੱਕੜੀ, ਦਵਾਈਆਂ ਅਤੇ ਸਭ ਤੋਂ ਮਹੱਤਵਪੂਰਨ ਜੀਵਨ ਲਈ ਸਾਫ਼ ਹਵਾ ਪ੍ਰਦਾਨ ਕਰਦੇ ਹਨ। ਇਸ ਲਈ ਹਰ ਵਿਅਕਤੀ ਨੂੰ ਆਪਣੀ ਖੁਸ਼ੀ ਦੇ ਮੌਕੇ ਜਿਵੇਂ ਜਨਮ ਦਿਨ, ਵਿਆਹ ਜਾਂ ਹੋਰ ਸਮਾਗਮਾਂ ’ਤੇ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਾ-ਭਰਾ ਅਤੇ ਸਿਹਤਮੰਦ ਵਾਤਾਵਰਨ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ।