- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਵਿੱਚ ਚੌਥੀ ਜ਼ਿਲ੍ਹਾ ਟਰੇਡ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ

ਮਾਨ ਸਰਕਾਰ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ : ਵਿਧਾਇਕ ਅਮੋਲਕ ਸਿੰਘ
ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੈਤੋ ਵਿਖੇ ਵਪਾਰਿਕ ਵਰਗ ਦੀਆਂ ਸਮੱਸਿਆਵਾਂ ਦੇ ਸੁਚੱਜੇ ਅਤੇ ਤੇਜ਼ ਹੱਲ ਲਈ ਚੌਥੀ ਜ਼ਿਲ੍ਹਾ ਟਰੇਡ ਮੀਟਿੰਗ ਦਾ ਆਯੋਜਨ ਬੱਸ ਸਟੈਂਡ ਜੈਤੋ ਨੇੜੇ ਕੀਤਾ ਗਿਆ। ਇਹ ਮੀਟਿੰਗ ਸਥਾਨਕ ਪੱਧਰ ’ਤੇ ਵਪਾਰੀਆਂ ਦੀਆਂ ਸ਼ਿਕਾਇਤਾਂ ਨੂੰ ਸਿੱਧੇ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਉਦੇਸ਼ ਨਾਲ ਕਰਵਾਈ ਗਈ। ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀ. ਅਮੋਲਕ ਸਿੰਘ, ਉਪ ਮੰਡਲ ਮੈਜਿਸਟਰੇਟ ਜੈਤੋ ਵਿਕਰਮਜੀਤ ਬਾਂਸਲ, ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਪਾਰੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਕਈ ਮੁੱਦਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਪੰਜਾਬ ਟਰੇਡਰ ਕਮਿਸ਼ਨ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਵਿਧਾਨ ਸਭਾ ਹਲਕਾ ਜੈਤੋ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਦੀ ਅਗਵਾਈ ਅਤੇ ਵਿਸ਼ੇਸ਼ ਸਹਿਯੋਗ ਨਾਲ ਮੀਟਿੰਗ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਬੱਸ ਸਟੈਂਡ ਨੇੜਲੇ ਵਪਾਰਿਕ ਬਾਜ਼ਾਰਾਂ ਦੇ ਵਪਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਸਫ਼ਾਈ ਪ੍ਰਬੰਧ, ਟਰੈਫ਼ਿਕ, ਬੁਨਿਆਦੀ ਸਹੂਲਤਾਂ, ਰੋਡ ਲਾਈਟਾਂ ਅਤੇ ਹੋਰ ਸਥਾਨਕ ਸਮੱਸਿਆਵਾਂ ਬੇਝਿਜਕ ਰੱਖੀਆਂ। ਵਪਾਰੀਆਂ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਕੁੱਝ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਹੱਲ ਕੀਤਾ, ਜਦਕਿ ਬਾਕੀ ਮਸਲਿਆਂ ਲਈ ਸਬੰਧਤ ਵਿਭਾਗਾਂ ਨੂੰ ਨਿਰਧਾਰਤ ਸਮੇਂ ਅੰਦਰ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਕਾਰਵਾਈ ਨਾਲ ਵਪਾਰਿਕ ਵਰਗ ਵਿੱਚ ਸੰਤੁਸ਼ਟੀ ਅਤੇ ਰਾਹਤ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੈਤੋ ਹਲਕੇ ਦੇ ਵਪਾਰੀਆਂ ਦੀਆਂ ਬਾਕੀ ਰਹਿੰਦੀਆਂ ਸਮੱਸਿਆਵਾਂ ਨੂੰ ਵੀ ਪ੍ਰਾਥਮਿਕਤਾ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰਿਕ ਵਰਗ ਕਿਸੇ ਵੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਸਰਕਾਰ ਉਨ੍ਹਾਂ ਦੀਆਂ ਸਹੂਲਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਟਿੰਗ ਦੌਰਾਨ ਨਹਿਰੂ ਪਾਰਕ ਮਾਰਕੀਟ ਦੇ ਵਪਾਰੀਆਂ ਅਤੇ ਹੋਰ ਪ੍ਰਤੀਨਿਧੀਆਂ ਨੇ ਆਪਣੇ ਸੁਝਾਅ ਅਤੇ ਮੁੱਦੇ ਵਿਸਥਾਰ ਨਾਲ ਰੱਖੇ। ਵਪਾਰੀਆਂ ਨੇ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਕੀਤੇ ਗਏ ਹੱਲਾਂ ਦੀ ਸਲਾਹਨਾ ਵੀ ਕੀਤੀ। ਅਖ਼ੀਰ ਵਿਚ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਨੇ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਪ੍ਰਸ਼ਾਸਨ ਅਤੇ ਵਪਾਰੀਆਂ ਵਿਚਕਾਰ ਸਿੱਧਾ ਸੰਵਾਦ ਬਣਦਾ ਹੈ ਅਤੇ ਸਮੱਸਿਆਵਾਂ ਦਾ ਤੇਜ਼ ਹੱਲ ਸੰਭਵ ਹੁੰਦਾ ਹੈ। ਉਨ੍ਹਾਂ ਮੀਟਿੰਗ ਦੇ ਸੁਚੱਜੇ ਆਯੋਜਨ ਲਈ ਸਾਰੇ ਅਧਿਕਾਰੀਆਂ ਅਤੇ ਵਪਾਰੀਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦਾ ਮੰਚ ਸੰਚਾਲਨ ਅਧਿਆਪਕ ਪ੍ਰਮੋਦ ਧੀਰ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਐੱਸਐੱਮਓ ਜੈਤੋ ਡਾ. ਵਰਿੰਦਰ ਕੁਮਾਰ, ਐੱਸ.ਐੱਚ.ਓ. ਜੈਤੋ ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ, ਈਟੀਓ ਸ਼ੀਨਮ ਰਾਣੀ, ਨਗਰ ਕੌਂਸਲ ਜੈਤੋ ਦੇ ਇੰਸਪੈਕਟਰ ਨਾਇਬ ਸਿੰਘ ਬਰਾੜ ਸੇਵੇਵਾਲਾ ਸਮੇਤ ਉਪ ਮੰਡਲ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਐੱਮ.ਡੀ. ਤੇ ਸ਼੍ਰੀ ਅਗਰਵਾਲ ਸਮਾਜ ਸਭਾ (ਰਜਿ:) ਜੈਤੋ ਦੇ ਪ੍ਰਧਾਨ ਸੱਤਪਾਲ ਜਿੰਦਲ, ਸ਼੍ਰੀ ਬਾਲਾ ਜੀ ਟ੍ਰੇਡਰਜ, ਆਇਲ ਮਿਲਜ਼ (ਨੇੜੇ ਸ਼ਿਆਮ ਸੇਵਾ ਮੰਡਲ) ਪੰਚਾਇਤੀ ਗੁਊਸ਼ਾਲਾ ਰੋਡ ਜੈਤੋ ਦੇ ਐੱਮ.ਡੀ. ਭੀਮ ਸੈਨ ਜਿੰਦਲ ਅਤੇ ਸ਼੍ਰੀ ਬਾਲਾ ਜੀ ਆਇਲ ਮਿਲਜ਼ (ਨੇੜੇ ਜਿੰਦਲ ਕਲੋਨੀ) ਜੈਤੋ ਦੇ ਐੱਮਡੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜੈਤੋ ਦੇ ਚੇਅਰਮੈਨ ਨਰੇਸ਼ ਜਿੰਦਲ, ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ‘ਆਪ’ ਬਲਾਕ ਪ੍ਰਧਾਨ ਅੰਕੁਸ਼ ਬਾਂਸਲ ਆਦਿ ਹਾਜ਼ਰ ਸਨ।