- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਜੈ ਜਵਾਲਾ ਕੰਨਿਆਂ ਮੰਦਰ ਮੱਲਾ ਦੇ 50ਵੇਂ ਸਥਾਪਨਾ ਦਿਵਸ ਸਮਾਗਮ ਸ਼ਰਧਾ ਨਾਲ ਸੰਪੰਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਨਜ਼ਦੀਕੀ ਪਿੰਡ ਮੱਲਾ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਜੈ ਜਵਾਲਾ ਕੰਨਿਆਂ ਮੰਦਰ ਵਿਖੇ ਕੰਨਿਆਂ ਸ਼੍ਰੀ ਕ੍ਰਿਸ਼ਨਾਂ ਦੇਵੀ ਜੀ ਦੀ 26ਵੀਂ ਬਰਸੀ ਅਤੇ ਮੰਦਰ ਦੇ 50ਵੇਂ ਸਥਾਪਨਾ ਦਿਵਸ ਨੂੰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਸਰਪ੍ਰਸਤ ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਦੱਸਿਆ ਕਿ ਸਾਲ 1976 ਵਿੱਚ ਕੰਨਿਆਂ ਸ਼੍ਰੀ ਕ੍ਰਿਸ਼ਨਾਂ ਦੇਵੀ ਜੀ ਵੱਲੋਂ ਤ੍ਰਿਸ਼ੂਲ ਸਥਾਪਿਤ ਕਰਕੇ ਇਸ ਪਵਿੱਤਰ ਮੰਦਰ ਦੀ ਨੀਂਹ ਰੱਖੀ ਗਈ ਸੀ। ਇਸ ਇਤਿਹਾਸਕ ਮੌਕੇ ਦੀ ਯਾਦ ਨੂੰ ਸਮਰਪਿਤ ਮੰਦਰ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ। ਸਮਾਗਮਾਂ ਦੀ ਲੜੀ ਤਹਿਤ ਮਾਤਾ ਜੀ ਦੇ ਸਰੂਪ ਦੀ ਛਤਰ-ਛਾਇਆ ਹੇਠ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਬੈਂਡ ਵਾਜਿਆਂ ਦੀਆਂ ਧੁਨਾਂ ਅਤੇ ਭਜਨ ਕੀਰਤਨ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਸੰਗਤਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸ਼ੋਭਾ ਯਾਤਰਾ ਦੌਰਾਨ 51 ਝੰਡੇ ਅਤੇ 51 ਕਲਸ਼ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। 22 ਜੂਨ ਨੂੰ ਕੰਨਿਆਂ ਜੀ ਦੀ 26ਵੀਂ ਬਰਸੀ ਅਤੇ ਮੰਦਰ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਭੰਡਾਰਾ ਅਤੇ ਜਾਗਰਣ ਕਰਵਾਇਆ ਗਿਆ। ਇਸ ਦੌਰਾਨ ਧਾਰਮਿਕ ਰਸਮਾਂ ਅਨੁਸਾਰ ਹਵਨ ਯੱਗ ਕੀਤਾ ਗਿਆ ਅਤੇ 51 ਕੰਜਕਾਂ ਤੇ 51 ਲੌਕੜਿਆਂ ਦਾ ਪੂਜਨ ਕੀਤਾ ਗਿਆ। ਮੰਦਰ ਦੀ ਡਿਊਡੀ ਦੀ ਸ਼ੁਰੂਆਤ ਵੀ ਇਸ ਮੌਕੇ ਕੀਤੀ ਗਈ। ਇਸ ਪਵਿੱਤਰ ਮੌਕੇ 51 ਬਜ਼ੁਰਗਾਂ ਅਤੇ 51 ਬਜ਼ੁਰਗ ਬੀਬੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਝੰਡੇ ਦੀ ਰਸਮ ਸ਼ਾਮ ਲਾਲ ਸਿੰਗਲਾ ਅਤੇ ਸਮੂਹ ਪਰਿਵਾਰ ਵੱਲੋਂ ਨਿਭਾਈ ਗਈ। ਪੰਡਿਤ ਮਨੋਹਰ ਲਾਲ ਸ਼ਾਸਤਰੀ ਵੱਲੋਂ ਰਚਿਤ ਭਜਨਾਂ ਦੇ 26ਵੇਂ ਪੁਸ਼ਪ ਦੀ ਵੀ ਸੰਗਤਾਂ ਵਿੱਚ ਵੰਡ ਕੀਤੀ ਗਈ। ਸਮਾਗਮ ਦੌਰਾਨ ਮਾਤਾ ਊਸ਼ਾ ਰਾਣੀ ਜੀ ਬਠਿੰਡੇ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਵਿਸ਼ਾਲ ਜਾਗਰਣ ਵਿੱਚ ਆਪਣੀ ਹਾਜ਼ਰੀ ਲਗਵਾਈ। ਰਾਜਗੜ੍ਹ ਡੋਬੀ (ਹਰਿਆਣਾ) ਦੇ ਵਸਨੀਕ ਗਰਗ ਪਰਿਵਾਰ ਵੱਲੋਂ ਸਵਰਣ ਜਯੋਤੀ ਪੂਜਨ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਦਿਨ-ਰਾਤ ਦਾਲ-ਪ੍ਰਸ਼ਾਦਿਆਂ, ਬ੍ਰੈਡ ਪਕੌੜਿਆਂ, ਜਲੇਬੀਆਂ, ਬਰਫ਼ੀ, ਬਦਾਣੇ ਅਤੇ ਲੱਸੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸੰਗਤਾਂ ਨੇ ਭਗਤੀ ਭਾਵਨਾ ਨਾਲ ਲੰਗਰ ਦੀ ਸੇਵਾ ਵਿੱਚ ਵੀ ਯੋਗਦਾਨ ਪਾਇਆ। ਇਸ ਮੌਕੇ ਵਿਧਾਇਕ ਅਮੋਲਕ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੀਨੀਅਰ ਕਾਂਗਰਸੀ ਆਗੂ ਸੰਜੀਵ ਭਾਰਦਵਾਜ ‘ਰਾਜਾ’, ਗੁਰਨਾਇਬ ਸਿੰਘ ਮੱਲਾ, ਸਾਬਕਾ ਸਰਪੰਚ ਗੁਰਬਖਸ਼ ਸਿੰਘ ਮੱਲਾ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਰਹੇ। ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਚਬੂਤਰਾ ਸਾਹਿਬ ਪ੍ਰਬੰਧਕ ਕਮੇਟੀ ਮੱਲਾ, ਬਾਬਾ ਫ਼ਰੀਦ ਮਸਜਿਦ ਕਮੇਟੀ ਮੱਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਮੱਲਾ, ਕੰਨਿਆਂ ਸ਼੍ਰੀ ਕ੍ਰਿਸ਼ਨਾਂ ਦੇਵੀ ਭਜਨ ਮੰਡਲੀ ਬਠਿੰਡਾ, ਸ਼੍ਰੀ ਜੈ ਜਵਾਲਾ ਕੰਨਿਆਂ ਮੰਦਰ ਕਮੇਟੀ ਮੱਲਾ, ਭਜਨ ਮੰਡਲੀ ਮੱਲਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਦੂਰ-ਦੂਰ ਤੋਂ ਪਹੁੰਚੀਆਂ ਸੰਗਤਾਂ ਨੇ ਹਾਜ਼ਰੀ ਭਰੀ।