- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਦੁੱਧ ਦੀਆਂ ਨਦੀਆਂ ਦੀ ਥਾਂ ਵਗਿਆ ਨਸ਼ਿਆਂ ਦਾ ਦਰਿਆ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਪੰਜਾਬ ਦੀ ਧਰਤੀ ਜਿਸ ਨੇ ਦੁਨੀਆ ਨੂੰ ਮਿਹਨਤ, ਹਿੰਮਤ, ਸੂਰਬੀਰਤਾ, ਖੇਤੀਬਾੜੀ, ਖੇਡਾਂ ਅਤੇ ਅਮੀਰ ਸੱਭਿਆਚਾਰ ਦੀ ਵਿਲੱਖਣ ਪਛਾਣ ਦਿੱਤੀ, ਅੱਜ ਇੱਕ ਗੰਭੀਰ ਸਮਾਜਿਕ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਕਦੇ ਖੁਸ਼ਹਾਲੀ, ਤੰਦਰੁਸਤ ਜੀਵਨ ਸ਼ੈਲੀ ਅਤੇ ਉੱਚੇ ਹੌਂਸਲਿਆਂ ਲਈ ਜਾਣੀ ਜਾਂਦੀ ਪੰਜਾਬ ਦੀ ਜਵਾਨੀ ਅੱਜ ਨਸ਼ਿਆਂ ਦੀ ਸਮੱਸਿਆ ਕਾਰਨ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਨਸ਼ਿਆਂ ਦੀ ਵੱਧ ਰਹੀ ਪਹੁੰਚ ਨੇ ਨਾ ਸਿਰਫ਼ ਨੌਜਵਾਨਾਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਕਈ ਪਰਿਵਾਰਾਂ ਦੀਆਂ ਖੁਸ਼ੀਆਂ, ਸੁਪਨਿਆਂ ਅਤੇ ਭਵਿੱਖ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ, ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’, ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’, ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ‘ਵਿੱਕੀ ਮੱਕੜ’ ਅਤੇ ਇਨਸਾਨੀਅਤ ਕਲੱਬ ਜੈਤੋ ਦੇ ਪ੍ਰਧਾਨ ਅੰਮ੍ਰਿਤ ਅਰੋੜਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਸਲ ਤਾਕਤ ਇਸ ਦੀ ਨੌਜਵਾਨੀ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਪਰ ਅੱਜ ਨਸ਼ਿਆਂ ਦੀ ਬੁਰਾਈ ਇਸੇ ਤਾਕਤ ਨੂੰ ਅੰਦਰੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਬਰਬਾਦ ਨਹੀਂ ਕਰਦਾ, ਸਗੋਂ ਇਸ ਦਾ ਮਾੜਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਨਸ਼ਿਆਂ ਦੀ ਮਾਰ ਕਾਰਨ ਕਈ ਮਾਪਿਆਂ ਦੀਆਂ ਉਮੀਦਾਂ ਚਕਨਾਚੂਰ ਹੋ ਰਹੀਆਂ ਹਨ, ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ ਅਤੇ ਕਈ ਪਰਿਵਾਰ ਅੱਜ ਵੀ ਇਸ ਦਰਦਨਾਕ ਸਥਿਤੀ ਨਾਲ ਜੂਝ ਰਹੇ ਹਨ। ਇਸ ਸਮੱਸਿਆ ਨੇ ਪਰਿਵਾਰਕ ਸੁਖ-ਸ਼ਾਂਤੀ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਕਈ ਘਰਾਂ ਨੂੰ ਆਰਥਿਕ ਤੰਗੀਆਂ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਪਰ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇਸ ਦਰਿਆ ਨੂੰ ਰੋਕਣ ਲਈ ਸਰਕਾਰਾਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਬਿਆਨਾਂ, ਨਾਅਰਿਆਂ ਜਾਂ ਰਸਮੀ ਮੁਹਿੰਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਲਗਾਤਾਰ, ਇਮਾਨਦਾਰ ਅਤੇ ਸਾਂਝੇ ਯਤਨਾਂ ਦੀ ਲੋੜ ਹੈ। ਨਸ਼ਿਆਂ ਦੀ ਜੜ੍ਹ ਨੂੰ ਖ਼ਤਮ ਕਰਨ ਲਈ ਰਾਜਨੀਤਿਕ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਅਧਿਆਪਕਾਂ, ਮਾਪਿਆਂ, ਪੱਤਰਕਾਰਾਂ ਅਤੇ ਜਾਗਰੂਕ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਇੱਕ ਮਜ਼ਬੂਤ ਸਮਾਜਿਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿਰਫ਼ ਰੋਕ-ਟੋਕ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਮਕਸਦ ਭਰੀ ਜ਼ਿੰਦਗੀ ਦੇ ਮੌਕੇ ਦੇਣੇ ਬਹੁਤ ਜ਼ਰੂਰੀ ਹਨ। ਸਿੱਖਿਆ, ਰੁਜ਼ਗਾਰ, ਹੁਨਰ ਵਿਕਾਸ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਪੰਜਾਬ ਦੀ ਪਛਾਣ ਦਾ ਅਹਿਮ ਹਿੱਸਾ ਰਹੀਆਂ ਹਨ। ਖੇਡ ਮੈਦਾਨਾਂ ਨਾਲ ਜੁੜਿਆ ਨੌਜਵਾਨ ਨਾ ਸਿਰਫ਼ ਤੰਦਰੁਸਤ ਰਹਿੰਦਾ ਹੈ, ਸਗੋਂ ਅਨੁਸ਼ਾਸਨ, ਮਿਹਨਤ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਵੀ ਹਾਸਲ ਕਰਦਾ ਹੈ। ਇਸੇ ਤਰ੍ਹਾਂ ਸਾਹਿਤ, ਸੱਭਿਆਚਾਰ ਅਤੇ ਸਮਾਜਿਕ ਸਰਗਰਮੀਆਂ ਨੌਜਵਾਨਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਪੰਜਾਬ ਨੂੰ ਕਦੇ ਦੁੱਧ ਦੀਆਂ ਨਦੀਆਂ ਵਾਲਾ ਪੰਜਾਬ ਕਿਹਾ ਜਾਂਦਾ ਸੀ, ਅੱਜ ਉੱਥੇ ਨਸ਼ਿਆਂ ਦਾ ਦਰਿਆ ਇੱਕ ਵੱਡੀ ਸਮਾਜਿਕ ਚਿੰਤਾ ਬਣ ਗਿਆ ਹੈ। ਨਸ਼ਿਆਂ ਦੀ ਲਪੇਟ ਵਿੱਚ ਆ ਕੇ ਕਈ ਨੌਜਵਾਨ ਆਪਣੀ ਸਿਹਤ, ਸਮਾਂ ਅਤੇ ਭਵਿੱਖ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਮਾਨਸਿਕ ਤਣਾਅ, ਗਲਤ ਸੰਗਤ ਅਤੇ ਜੀਵਨ ਵਿੱਚ ਸਹੀ ਮਾਰਗਦਰਸ਼ਨ ਦੀ ਘਾਟ ਵੀ ਕਈ ਵਾਰ ਨੌਜਵਾਨਾਂ ਨੂੰ ਗਲਤ ਰਸਤੇ ਵੱਲ ਲੈ ਜਾਂਦੀ ਹੈ। ਇਸ ਲਈ ਸਮਾਜ ਨੂੰ ਨੌਜਵਾਨਾਂ ਨੂੰ ਦੋਸ਼ ਦੇਣ ਦੀ ਬਜਾਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ, ਉਨ੍ਹਾਂ ਦੀਆਂ ਭਾਵਨਾਵਾਂ ਅਤੇ ਪਰੇਸ਼ਾਨੀਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਚੰਗੇ ਮਾਹੌਲ ਨਾਲ ਜੋੜਨ। ਪਰਿਵਾਰਕ ਸਹਿਯੋਗ ਅਤੇ ਸਹੀ ਮਾਰਗਦਰਸ਼ਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅੰਤ ਵਿੱਚ ਡਾ. ਗੁਰਚਰਨ ਭਗਤੂਆਣਾ, ਜਗਦੇਵ ਸਿੰਘ ‘ਗੋਰਾ ਢੱਲਾ’, ਰਾਕੇਸ਼ ਕੁਮਾਰ ‘ਘੋਚਾ’, ਅਮਰਜੀਤ ਸਿੰਘ ‘ਵਿੱਕੀ ਮੱਕੜ’ ਅਤੇ ਅੰਮ੍ਰਿਤ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਅੱਜ ਸਮੇਂ ਸਿਰ ਠੋਸ ਕਦਮ ਚੁੱਕੇ ਗਏ ਤਾਂ ਪੰਜਾਬ ਮੁੜ ਖੁਸ਼ਹਾਲੀ, ਤਰੱਕੀ ਅਤੇ ਸਿਹਤਮੰਦ ਸਮਾਜ ਦੀ ਪਹਿਚਾਣ ਹਾਸਲ ਕਰ ਸਕਦਾ ਹੈ।