ਮੁੰਬਈ ਤੋਂ ਫੜਿਆ ਗਿਆ ਕੋਟਕਪੂਰਾ ਦਾ 'ਰੰਗਬਾਜ਼', ਕਾਰੋਬਾਰੀ ਨੂੰ ਧਮਕੀ ਦੇਣ ਵਾਲਾ ਦੀਪਕ ਪੁਲਿਸ ਅੜਿੱਕੇ; ਮਾਂ ਵੀ ਗ੍ਰਿਫ਼ਤਾਰ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਦੀ ਮਾਂ ਵੀਨਾ ਰਾਣੀ ਵੀ ਫਿਰੌਤੀ ਦੀ ਰਕਮ ਦਿਵਾਉਣ ਲਈ ਦਬਾਅ ਬਣਾ ਰਹੀ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਦੀਪਕ ਸ਼ਰਮਾ ਨੂੰ 23 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
Publish Date: Tue, 24 Feb 2026 03:56 PM (IST)
Updated Date: Tue, 24 Feb 2026 03:57 PM (IST)
ਜਾਗਰਣ ਸੰਵਾਦਦਾਤਾ, ਫਰੀਦਕੋਟ: ਜ਼ਿਲ੍ਹਾ ਪੁਲਿਸ ਨੇ 2 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਮਹਾਰਾਸ਼ਟਰ ਦੇ ਮੁੰਬਈ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਹ ਕਾਰਵਾਈ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਕੀਤੀ ਗਈ।
ਇਸ ਸਬੰਧੀ ਐਸ.ਪੀ. ਰਮਨਦੀਪ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਟਕਪੂਰਾ ਦੇ ਇੱਕ ਕਾਰੋਬਾਰੀ ਨੂੰ ਇੰਸਟਾਗ੍ਰਾਮ ਸਟੋਰੀ ਅਤੇ ਵੀਡੀਓ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਲਗਪਗ 6 ਮਹੀਨੇ ਪਹਿਲਾਂ ਵ੍ਹਟਸਐਪ ਕਾਲ ਰਾਹੀਂ 2 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ।
ਪੁਲਿਸ ਦੀ ਕਾਰਵਾਈ ਅਤੇ ਗ੍ਰਿਫ਼ਤਾਰੀ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ। ਐਸ.ਪੀ. (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਸ.ਪੀ. ਕੋਟਕਪੂਰਾ ਸੰਜੀਵ ਕੁਮਾਰ ਦੀ ਨਿਗਰਾਨੀ ਹੇਠ ਗਠਿਤ ਪੁਲਿਸ ਟੀਮਾਂ ਨੇ ਤਕਨੀਕੀ ਮਦਦ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੁਲਜ਼ਮ ਦੀਪਕ ਸ਼ਰਮਾ (ਨਿਵਾਸੀ ਕੋਟਕਪੂਰਾ) ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਪੰਜਾਬ ਲਿਆਂਦਾ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਦੀ ਮਾਂ ਵੀਨਾ ਰਾਣੀ ਵੀ ਫਿਰੌਤੀ ਦੀ ਰਕਮ ਦਿਵਾਉਣ ਲਈ ਦਬਾਅ ਬਣਾ ਰਹੀ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਦੀਪਕ ਸ਼ਰਮਾ ਨੂੰ 23 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁਰਾਣੀ ਰੰਜਿਸ਼ ਨਿਕਲੀ ਵਜ੍ਹਾ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਦੀਪਕ ਸ਼ਰਮਾ ਪਹਿਲਾਂ ਉਕਤ ਕਾਰੋਬਾਰੀ ਦੇ ਪੈਟਰੋਲ ਪੰਪ 'ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਹਿਸਾਬ-ਕਿਤਾਬ ਵਿੱਚ ਗੜਬੜੀ ਸਾਹਮਣੇ ਆਉਣ 'ਤੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਉਕਤ ਕਾਰਬਾਰੀ ਗਵਾਹ ਸੀ। ਇਸੇ ਨਿੱਜੀ ਰੰਜਿਸ਼ ਕਾਰਨ ਫਿਰੌਤੀ ਦੀ ਸਾਜ਼ਿਸ਼ ਰਚੀ ਗਈ। ਪੁਲਿਸ ਹੁਣ ਮੁਲਜ਼ਮ ਦੇ ਹੋਰ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।